ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਮੁਹਿੰਮ ਦਾ ਤਾਮਿਲਨਾਡੂ ਦੇ ਆਗੂਆਂ ਨੇ ਕੀਤਾ ਸਮਰਥਨ

12/12/2022 1:32:00 AM

ਅੰਮ੍ਰਿਤਸਰ (ਸਰਬਜੀਤ) : ਮਨੁੱਖੀ ਅਧਿਕਾਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੀ ਤਾਮਿਲਨਾਡੂ ਦੀ ‘ਨਾਮ ਤਾਮਿਲਰ ਪਾਰਟੀ’ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਮੁਹਿੰਮ ਦਾ ਸਮਰਥਨ ਕੀਤਾ ਹੈ। ਐਤਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪਾਰਟੀ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀ ਦਸਤਖ਼ਤੀ ਮੁਹਿੰਮ ਦਾ ਹਿੱਸਾ ਬਣਦਿਆਂ ਪ੍ਰੋਫਾਰਮੇ ਭਰ ਕੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ। ਇਸ ਮੌਕੇ ਪਾਰਟੀ ਦੇ ਆਗੂ ਅਤੇ ਯੂਨਾਈਟਿਡ ਨੇਸ਼ਨ ਸਪੀਕਰ ਜੀਵਾ ਡਾਵਨਿੰਗ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਉਨ੍ਹਾਂ ਦਾ ਸੰਵਿਧਾਨਕ ਹੱਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ‘ਨਾਮ ਤਾਮਿਲਰ ਪਾਰਟੀ’ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰੇਗੀ। ਇਸ ਸਬੰਧ ਵਿੱਚ ਸੂਬੇ ਅੰਦਰ ਵੀ ਆਵਾਜ਼ ਉਠਾਈ ਜਾਵੇਗੀ ਤੇ ਯੂਐੱਨ ਕੋਲ ਵੀ ਮਾਮਲਾ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਰਿਵਾਲਵਰ ਸਾਫ਼ ਕਰਦੇ ਸਮੇਂ ਧਾਰਮਿਕ ਅਸਥਾਨ ਦੇ ਸੇਵਾਦਾਰ ਦੇ ਸਿਰ ’ਚ ਲੱਗੀ ਗੋਲ਼ੀ, ਹਾਲਤ ਗੰਭੀਰ

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ‘ਨਾਮ ਤਾਮਿਲਰ ਪਾਰਟੀ’ ਵੱਲੋਂ ਸਹਿਯੋਗ ਕਰਨਾ ਇਸ ਲਹਿਰ ਨੂੰ ਹੋਰ ਪ੍ਰਚੰਡ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰੰਭੀ ਗਈ ਦਸਤਖ਼ਤੀ ਮੁਹਿੰਮ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਇਸ ਤਹਿਤ ਲੱਖਾਂ ਲੋਕਾਂ ਦੀ ਆਵਾਜ਼ ਸਰਕਾਰ ਦੇ ਬੰਦ ਕੰਨ ਖੋਲ੍ਹੇਗੀ। ਐਡਵੋਕੇਟ ਸਿਆਲਕਾ ਨੇ ਤਾਮਿਲਨਾਡੂ ਦੇ ਆਗੂਆਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਕੀਤਾ। ਇਸ ਮੌਕੇ ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਤਾਮਿਲਨਾਡੂ ਤੋਂ ਪੁੱਜੇ ਆਗੂਆਂ 'ਚ ਐੱਮ.ਯੂ. ਕਾਲੰਦੀਅਮ, ਟੀ. ਪੱਕੀਆਰਾਜ, ਮੁਥੂ ਪਾਂਡੀ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh