ਸਿੱਧੀ ਬਿਜਾਈ 'ਚ ਕਿਸਾਨਾਂ ਦੀ ਘੱਟ ਰਹੀ ਦਿਲਚਸਪੀ, ਪਿਛਲੇ ਸਾਲ 5483 ਅਰਜ਼ੀਆਂ ਪਾਈਆਂ ਗਈਆਂ ਆਯੋਗ

06/12/2023 1:47:26 PM

ਬਠਿੰਡਾ- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪੰਜਾਬ ਸਰਕਾਰ ਨੇ 1500 ਰੁਪਏ ਪ੍ਰਤੀ ਏਕੜ ਉਤਸ਼ਾਹ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸੂਬੇ ਦੇ 30 ਹਜ਼ਾਰ 553 ਕਿਸਾਨਾਂ ਨੂੰ ਸਰਕਾਰ ਨੇ 25.23 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ ਜਦਕਿ ਸੂਬੇ ਦੇ ਕੁੱਲ 35 ਹਜ਼ਾਰ 836 ਕਿਸਾਨਾਂ ਨੇ ਪੋਰਟਲ ’ਤੇ ਜਾ ਕੇ ਸਿੱਧੀ ਬਿਜਾਈ ਕਰਨ ਲਈ ਰਜਿਸ਼ਟ੍ਰੇਸ਼ਨ ਕੀਤੀ ਸੀ। ਇਨ੍ਹਾਂ ’ਚੋਂ 5483 ਅਰਜ਼ੀਆਂ ਆਯੋਗ ਪਾਈਆਂ ਗਈਆਂ ਸਨ। 5483 ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨਹੀਂ ਕੀਤੀ ਗਈ ਸੀ ਪਰ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਪੋਰਟਲ ’ਤੇ ਰਜਿਸ਼ਟ੍ਰੇਸ਼ਨ ਕੀਤੀ ਸੀ।

ਇਹ ਵੀ ਪੜ੍ਹੋ- ASI ਵੱਲੋਂ 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਵਿਖਾਇਆ ਅਸਲੀ ਰੰਗ, ਪਤੀ ਨੂੰ ਬੁਲਾ ਚਾੜ੍ਹਿਆ ਹੈਰਾਨੀਜਨਕ ਚੰਨ੍ਹ

ਸਿੱਧੀ ਬਿਜਾਈ 'ਚ ਪਹਿਲੇ ਨੰਬਰ 'ਤੇ ਮੁਕਸਤਰ ਅਤੇ ਤੀਜੇ ਨੰਬਰ 'ਤੇ ਰਿਹਾ ਬਠਿੰਡਾ 
ਅੰਕੜਿਆਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਸਭ ਤੋਂ ਵੱਧ ਪਿਛਲੇ ਸਾਲ 44 ਹਜ਼ਾਰ 161 ਏਕੜ ਰਕਬੇ ਵਿਚ ਮੁਕਤਸਰ ਜ਼ਿਲ੍ਹੇ ਅੰਦਰ ਹੋਈ ਸੀ, ਜਿੱਥੇ 1476 ਕਿਸਾਨਾਂ ਨੂੰ 5 ਕਰੋੜ 79 ਲੱਖ ਰੁਪਏ ਦੀ ਉਤਸ਼ਾਹ ਰਾਸ਼ੀ ਦਿੱਤੀ ਗਈ। ਇਸ ਤਰ੍ਹਾਂ ਹੀ ਦੂਜੇ ਨੰਬਰ ’ਤੇ 40 ਹਜ਼ਾਰ 948 ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਨ ਵਾਲੇ ਫ਼ਾਜ਼ਿਲਕਾ ਦੇ 6040 ਕਿਸਾਨਾਂ ਨੂੰ 5 ਕਰੋੜ 36 ਲੱਖ ਰੁਪਏ ਦੀ ਉਤਸ਼ਾਹ ਰਾਸ਼ੀ ਦਿੱਤੀ ਗਈ ਸੀ। ਝੋਨੇ ਦੀ ਸਿੱਧੀ ਬਿਜਾਈ ਵਿਚ ਬਠਿੰਡਾ ਜ਼ਿਲ੍ਹਾ ਤੀਜੇ ਨੰਬਰ ’ਤੇ ਰਿਹਾ ਸੀ, ਇਸ ਜ਼ਿਲ੍ਹੇ ਵਿਚ 26 ਹਜ਼ਾਰ 749 ਏਕੜ ਵਿਚ ਬਿਜਾਈ ਕਰਕੇ 3695 ਕਿਸਾਨਾਂ ਨੇ 3 ਕਰੋੜ 24 ਲੱਖ ਦੀ ਉਤਸ਼ਾਹ ਰਾਸ਼ੀ ਹਾਸਲ ਕੀਤੀ ਸੀ। ਪੰਜਾਬ ਦੀ ‘ਆਪ’ ਸਰਕਾਰ ਨੇ ਜ਼ਮੀਨਦੋਜ਼ ਪਾਣੀ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਪਹਿਲੀ ਵਾਰ ਅਜਿਹਾ ਕੀਤਾ ਸੀ। ਹਾਲਾਂਕਿ ਪਿਛਲੇ ਸਾਲ ਪੂਰੇ ਸੂਬੇ ਵਿਚ ਕਰੀਬ 78 ਲੱਖ ਏਕੜ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਸੀ, ਜਿਸ ਵਿੱਚੋਂ ਸਿਰਫ਼ 2 ਲੱਖ 12 ਹਜ਼ਾਰ 355 ਏਕੜ ਰਕਬੇ ਵਿਚ ਹੀ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਇਸ ਤਰ੍ਹਾਂ ਸੂਬੇ ਵਿਚ ਝੋਨੇ ਹੇਠ ਕੁੱਲ ਰਕਬੇ ’ਚੋਂ ਸਿਰਫ਼ 2.70 ਫ਼ੀਸਦੀ ਰਕਬੇ ਵਿਚ ਹੀ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕਿਸਾਨ ਸਿੱਧੀ ਬਿਜਾਈ ਕਰਨ ਵਿਚ ਦਿਲਚਸਪੀ ਨਹੀਂ ਵਿਖਾ ਰਹੇ ਹਨ। 

ਉਥੇ ਹੀ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਜਿੱਥੇ ਕਿਸਾਨਾਂ ਦੀ ਵਾਹ ਵਹਾਈ, ਕੱਦੂ ਦਾ ਖ਼ਰਚ ਘਟਦਾ ਹੈ, ਉਥੇ ਹੀ 1500 ਰੁਪਏ ਪ੍ਰਤੀ ਏਕੜ ਪੰਜਾਬ ਸਰਕਾਰ ਵੀ ਦੇ ਰਹੀ ਹੈ। ਇਸ ਤਰ੍ਹਾਂ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਦਾ ਫ਼ਾਇਦਾ ਹੁੰਦਾ ਹੈ। ਖੇਤੀ ਅਫ਼ਸਰ ਡਾ. ਬੀ. ਐੱਸ. ਬਰਾੜ ਦਾ ਕਹਿਣਾ ਸੀ ਕਿ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਹੱਥੀਂ ਲਵਾਏ ਝੋਨੇ ਜਿੰਨਾ ਹੀ ਨਿਕਲਦਾ ਹੈ ਅਤੇ ਬਿਜਾਈ ’ਤੇ ਖ਼ਰਚ ਘੱਟ ਆਉਦਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਸਬੰਧੀ ਵਿਭਾਗ ਦੇ ਪੋਰਟਲ ’ਤੇ ਕਿਸਾਨ ਰਜਿਸ਼ਟ੍ਰੇਸ਼ਨ ਕਰ ਸਕਦੇ ਹਨ। 

ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ PM ਮੋਦੀ 'ਤੇ ਤਿੱਖੇ ਸ਼ਬਦੀ ਹਮਲੇ, ਆਖੀਆਂ ਵੱਡੀਆਂ ਗੱਲਾਂ

ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇ ਮੁਆਵਜ਼ੇ ਦੇ ਅੰਕੜੇ 

ਜ਼ਿਲ੍ਹਾ ਕਿਸਾਨ ਜ਼ਮੀਨ (ਏਕੜ) ਮੁਆਵਜ਼ਾ (ਏਕੜ)
ਬਰਨਾਲਾ 537 5332.28 0.45
ਅੰਮ੍ਰਿਤਸਰ 1188 1239.98 0.79
ਬਠਿੰਡਾ 3695 26749.26 3.24
ਫ਼ਤਹਿਗੜ੍ਹ ਸਾਹਿਬ 175 937.19 0.10
ਫਰੀਦਕੋਟ 1177 9067.88 1.06
ਤਰਨਤਾਰਨ 581 4029.08 0.37
ਸ੍ਰੀ ਮੁਕਤਸਰ ਸਾਹਿਬ 1476 44161.17 5.79
ਐੱਸ. ਬੀ. ਐੱਸ. ਨਗਰ 269 1212.61 0.15
ਸੰਗਰੂਰ 1751 10027 1.22
ਐੱਸ. ਏ. ਐੱਸ. ਨਗਰ 350 3192.12 0.21
ਰੋਪੜ 222 925.91 0.11
ਪਟਿਆਲਾ 1052 6861.13 0.77
ਪਠਾਨਕੋਟ 174 615.85 0.07
ਮੋਗਾ 681 4834.15 0.54
ਕਪੂਰਥਲਾ 310 1913.03 0.22
ਜਲੰਧਰ 485 3313.22 0.36
ਹੁਸ਼ਿਆਰਪੁਰ 481 2111.31 0.23
ਮਾਨਸਾ 2375 12280.87 1.50
ਲੁਧਿਆਣਾ 847 7003.19 0.59
ਗੁਰਦਾਸਪੁਰ 1605 6023.22 0.71
ਫ਼ਿਰੋਜ਼ਪੁਰ 1552 14574.45 1.51
ਫਾਜ਼ਲਿਕਾ 6040 40948.65 5.36
ਕੁੱਲ 30553 212355.06 25.23

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri