ਵੱਡੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ

02/18/2018 12:33:56 AM

ਗੁਰਦਾਸਪੁਰ,   (ਵਿਨੋਦ)-  ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਕਰ ਕੇ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਕ ਔਰਤ ਸਣੇ ਦੋ ਮੁਲਜ਼ਮ ਫਰਾਰ ਹੋ ਗਏ।
ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਏ.ਐੱਸ.ਆਈ. ਨਿਸ਼ਾਨ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਮਾਨਕੌਰ 'ਚ ਅਨੀਤਾ ਪਤਨੀ ਰੂਪ ਲਾਲ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਭੱਜਣ 'ਚ ਸਫ਼ਲ ਹੋ ਗਈ ਪਰ ਉਸ ਦੇ ਘਰੋਂ 36500 ਮਿਲੀਲਿਟਰ ਸ਼ਰਾਬ ਬਰਾਮਦ ਹੋਈ, ਜਿਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਥਾਣੇ 'ਚ ਤਾਇਨਾਤ ਏ.ਐੱਸ.ਆਈ. ਅਵਤਾਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਸੂਚਨਾ ਮਿਲੀ ਕਿ ਸੁਖਦੇਵ ਸਿੰਘ ਪੁੱਤਰ ਰਾਮ ਸਰੂਪ ਵਾਸੀ ਪਿੰਡ ਸ਼ੇਰਪੁਰ ਪਿੰਡ ਦੇ ਬਾਹਰ ਇਕ ਖਾਲੀ ਪਲਾਟ 'ਚ ਸ਼ਰਾਬ ਰੱਖ ਕੇ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਦੇ ਆਧਾਰ 'ਤੇ ਜਦੋਂ ਛਾਪੇਮਾਰੀ ਕੀਤੀ ਤਾਂ ਸੁਖਦੇਵ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਿਆ। ਪੁਲਸ ਨੇ ਉਥੋਂ 67500 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ।
ਕਲਾਨੌਰ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਸੂਤਰਾਂ ਅਨੁਸਾਰ ਹੈੱਡ ਕਾਂਸਟੇਬਲ ਅਜੀਤ ਕੁਮਾਰ ਪੁਲਸ ਪਾਰਟੀ ਨਾਲ ਪਿੰਡ ਦੋਸਤਪੁਰ ਕੋਲ ਰਾਵੀ ਦਰਿਆ 'ਤੇ ਬਣੇ ਧੁੱਸੀ ਬੰਨ੍ਹ 'ਤੇ ਗਸ਼ਤ ਕਰ ਰਹੇ ਸੀ ਕਿ ਮਨਜੀਤ ਕੁਮਾਰ ਪੁੱਤਰ ਗੁਰਬਚਨ ਵਾਸੀ ਦੋਸਤਪੁਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 7500 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ।