ਗਿੱਦੜਬਾਹਾ ਦੇ ਚੋਣ ਅਧਿਕਾਰੀ ਆਨੰਦ ਸਾਗਰ ਸ਼ਰਮਾ ਨੂੰ ਹਟਾਉਣ ਦਾ ਫੈਸਲਾ

02/21/2017 1:16:25 PM

ਚੰਡੀਗੜ੍ਹ : ਚੋਣ ਕਮਿਸ਼ਨ ਵਲੋਂ ਪੰਜਾਬ ਸਿਵਲ ਸੇਵਾ (ਪੀ. ਸੀ. ਐੱਸ.) ਦੇ ਅਧਿਕਾਰੀ ਆਨੰਦ ਸ਼ਰਮਾ ਨੂੰ ਗਿੱਦੜਬਾਹਾ ਵਿਧਾਨ ਸਭਾ ਦੇ ਰਿਟਰਨਿੰਗ ਅਧਿਕਾਰੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਵਿਜੀਲੈਂਸ ਬਿਓਰੋ ਵਲੋਂ ਪਿਛਲੇ ਹਫਤੇ ਉਕਤ ਅਧਿਕਾਰੀ ''ਤੇ ਹੁਸ਼ਿਆਰਪਰ ਜ਼ਮੀਨ ਘੋਟਾਲੇ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਉਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ। ਆਨੰਦ ਸਾਗਰ ਸ਼ਰਮਾ ਨੇ ਚਾਰ ਮਾਰਗੀ ਸੜਕ ਲਈ ਗ੍ਰਹਿਣ ਕੀਤੀ ਜ਼ਮੀਨ ਲਈ ਲਗਭਗ 58 ਕਰੋੜ ਰੁਪਏ ਦੀ ਵਾਧੂ ਅਦਾਇਗੀ ਕਰਕੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ। ਪ੍ਰਧਾਨ ਮੰਤਰੀ ਦਫਤਰ ਅਤੇ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਵਲੋਂ ਵੀ ਇਸ ਘੋਟਾਲੇ ਸੰਬੰਧੀ ਨੋਟਿਸ ਲਿਆ ਗਿਆ ਸੀ। ਪੰਜਾਬ ਸਰਕਾਰ ਨੂੰ ਪਿਛਲੇ ਸਾਲ ਜੁਲਾਈ ਮਹੀਨੇ ''ਚ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ ਆਨੰਦ ਸ਼ਰਮਾ ਐੱਸ. ਡੀ. ਐੱਮ. ਹੁਸ਼ਿਆਰਪੁਰ ਦਾ ਤਬਾਦਲਾ ਗਿੱਦੜਬਾਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਇਹ ਮਾਮਲਾ ਦਬਾ ਲਿਆ ਗਿਆ ਪਰ ਹੁਣ ਵਿਜੀਲੈਂਸ ਬਿਓਰੋ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਆਨੰਦ ਸਾਗਰ ਸ਼ਰਮਾ ਨੂੰ ਰਿਟਰਨਿੰਗ ਅਫਸਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ''ਚ ਗਣਤੰਤਰ ਦਿਵਸ ਦੇ ਰੱਖੇ ਗਏ ਇਕ ਸਮਾਰੋਹ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਨੰਦ ਸ਼ਰਮਾ ਨੂੰ ਹੁਸ਼ਿਆਰਪੁਰ ਦੇ ਐੱਸ. ਡੀ. ਐੱਮ. ਵਜੋਂ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ ਸੀ। ਫਿਲਹਾਲ ਇਸ ਮਾਮਲੇ ਸੰਬੰਧੀ ਆਨੰਦ ਸ਼ਰਮਾ ਵਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਹਾਸਲ ਨਹੀਂ ਹੋ ਸਕੀ ਹੈ। 

Babita Marhas

This news is News Editor Babita Marhas