ਲਾਡੋਵਾਲ ਟੋਲ ਪਲਾਜ਼ਾ ''ਤੇ ਵਾਹਨ ਚਾਲਕਾਂ ਨੂੰ ਨਹੀਂ ਮਿਲੇ ਮੁਫਤ ਫਾਸਟੈਗ

11/23/2019 4:16:14 PM

ਲੁਧਿਆਣਾ (ਅਨਿਲ) : ਕੇਂਦਰ ਸਰਕਾਰ ਦੇ ਰਾਸ਼ਟਰੀ ਰਾਜਮਾਰਗ 'ਤੇ ਸਥਾਪਤ ਸਾਰੇ ਟੋਲ ਬੈਰੀਅਰਾਂ 'ਤੇ ਵਾਹਨਾਂ 'ਤੇ ਫਾਸਟੈਗ ਲੱਗਣਾ ਜ਼ਰੂਰੀ ਕਰ ਦਿੱਤਾ ਹੈ, ਜਿਸ ਕਾਰਣ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਐਲਾਨ ਕੀਤਾ ਹੈ ਕਿ 22 ਨਵੰਬਰ ਤੋਂ 1 ਦਸੰਬਰ ਤੱਕ ਸਾਰੇ ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ ਮੁਫਤ 'ਚ ਫਾਸਟੈਗ ਦਿੱਤੇ ਜਾਣਗੇ ਪਰ ਅੱਜ ਪਹਿਲੇ ਹੀ ਦਿਨ ਕੇਂਦਰੀ ਮੰਤਰੀ ਗਡਕਰੀ ਦੇ ਹੁਕਮਾਂ ਦੀ ਲਾਡੋਵਾਲ ਟੋਲ ਬੈਰੀਅਰ 'ਤੇ ਹਵਾ ਨਿਕਲਦੀ ਦੇਖੀ ਗਈ।

ਇੱਥੇ ਵਾਹਨ ਚਾਲਕਾਂ ਨੂੰ ਮੁਫਤ ਵਿਚ ਫਾਸਟੈਗ ਨਹੀਂ ਮਿਲਦਾ ਦਿਖਾਈ ਦਿੱਤਾ ਪਰ ਵਾਹਨ ਚਾਲਕਾਂ ਦੀ ਜੇਬ ਢਿੱਲੀ ਕਰਵਾਉਣ ਵਾਲੇ ਕਰੀਬ ਅੱਧੀ ਦਰਜਨ ਕੰਪਨੀਆਂ ਦੇ ਮੁਲਾਜ਼ਮ ਪੈਸੇ ਲੈ ਕੇ ਫਾਸਟੈਗ ਵੇਚਦੇ ਜ਼ਰੂਰ ਦਿਖਾਈ ਦਿੱਤੇ। ਫਾਸਟੈਗ ਲੈਣ ਵਾਲੇ ਵਾਹਨ ਚਾਲਕਾਂ ਦੀ ਭਾਰੀ ਭੀੜ ਜਮ੍ਹਾ ਹੋਈ ਸੀ ਪਰ ਫਾਸਟੈਗ ਪੈਸੇ ਲੈ ਕੇ ਹੀ ਦਿੱਤਾ ਗਿਆ, ਜੇਕਰ ਕੇਂਦਰੀ ਮੰਤਰੀ ਗਡਕਰੀ ਨੇ ਅੱਜ ਤੋਂ ਫਾਸਟੈਗ ਮੁਫਤ ਦੇਣ ਦਾ ਐਲਾਨ ਕੀਤਾ ਹੈ ਤਾਂ ਉਨ੍ਹਾਂ ਨੂੰ ਮੁਫਤ ਵਿਚ ਕਿਉਂ ਨਹੀਂ ਫਾਸਟੈਗ ਦਿੱਤਾ ਜਾ ਰਿਹਾ।

ਟੋਲ ਬੈਰੀਅਰ 'ਤੇ ਵੱਖ-ਵੱਖ ਕੰਪਨੀ ਵਲੋਂ ਸਟਾਲ ਲਾ ਕੇ ਵਾਹਨ ਚਾਲਕਾਂ ਤੋਂ 150 ਤੋਂ 500 ਰੁਪਏ ਲੈ ਕੇ ਫਾਸਟੈਗ ਵੇਚੇ ਜਾ ਰਹੇ ਹਨ ਪਰ ਮੁਫਤ ਵਿਚ ਦੇਣ ਵਾਲਾ ਇਕ ਵੀ ਫਾਸਟੈਗ ਮੁਹੱਈਆ ਨਹੀਂ ਹੋਇਆ। ਇਸ ਸਬੰਧੀ ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਚੰਚਲ ਸਿੰਘ ਰਾਠੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਸਵੇਰ ਜਗ ਬਾਣੀ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਲੱਗੀ ਖਬਰ ਤੋਂ ਹੀ ਪਤਾ ਲੱਗਾ ਕਿ ਵਾਹਨ ਚਾਲਕਾਂ ਨੂੰ ਫਾਸਟੈਗ ਮੁਫਤ ਦਿੱਤੇ ਜਾਣਗੇ ਪਰ ਹੁਣ ਤੱਕ ਉਨ੍ਹਾਂ ਨੂੰ ਵਿਭਾਗ ਵੱਲੋਂ ਕੋਈ ਲਿਖਤੀ ਹੁਕਮ ਨਹੀਂ ਮਿਲਿਆ ਹੈ। ਸ਼ਾਇਦ ਜਲਦ ਹੀ ਵਿਭਾਗ ਫਾਸਟੈਗ ਦੀ ਮੁਫਤ ਸਹੂਲਤ ਸਬੰਧੀ ਟੋਲ ਪਲਾਜ਼ਾ ਨੂੰ ਸੂਚਿਤ ਕਰੇਗਾ।

Babita

This news is Content Editor Babita