ਮੋਬਾਇਲ ਟਾਰਚ ਦੀ ਰੋਸ਼ਨੀ ''ਚ ਮਹਿਲਾ ਥਾਣੇ ਦੀ ਪੁਲਸ ਕਰਦੀ ਹੈ ਕੰਮ

09/21/2018 1:56:25 AM

ਜਲੰਧਰ (ਸ਼ੋਰੀ)— ਇਕ ਪਾਸੇ ਤਾਂ ਪੰਜਾਬ ਦੇ ਪੁਲਸ ਮੁਖੀ ਸੁਰੇਸ਼ ਅਰੋੜਾ ਸੂਬਾਈ ਪੁਲਸ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਕੋਲੋਂ ਮਦਦ ਲੈ ਕੇ ਇਮਾਰਤਾਂ ਬਣਵਾ ਰਹੇ ਹਨ ਅਤੇ ਥਾਣਿਆਂ ਵਿਚ ਨਵਾਂ ਸਾਮਾਨ ਖਰੀਦ ਰਹੇ ਹਨ ਪਰ ਦੂਜੇ ਪਾਸੇ ਕਈ ਥਾਣਿਆਂ ਵਿਚ ਮਹਿੰਗੇ ਇਲੈਕਟ੍ਰਾਨਿਕ ਸਾਮਾਨ ਦੀ ਦੇਖ-ਭਾਲ ਸਹੀ ਢੰਗ ਨਾਲ ਨਾ ਹੋਣ ਕਾਰਨ ਸਰਕਾਰ ਦੇ ਪੈਸਿਆਂ ਦੀ ਬਰਬਾਦੀ ਹੋ ਰਹੀ ਹੈ। ਅੱਜ ਕਲ ਮਹਿਲਾ ਥਾਣੇ ਦਾ ਇਹ ਹੀ ਹਾਲ ਹੋਇਆ ਪਿਆ ਹੈ। ਥਾਣੇ ਦੇ ਹਾਲਾਤ ਇਥੋਂ ਤੱਕ ਬਣ ਚੁੱਕੇ ਹਨ ਕਿ ਬਿਜਲੀ ਬੰਦ ਹੋਣ ਕਾਰਨ ਪੁਲਸ ਵਾਲਿਆਂ ਨੂੰ ਮੋਬਾਇਲ ਫੋਨ ਦੀ ਟਾਰਚ ਨਾਲ ਕੰਮ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਥਾਣੇ ਵਿਚ ਲੋਕਾਂ ਦੇ ਬੈਠਣ ਲਈ ਪਈਆਂ ਕੁਰਸੀਆਂ 'ਤੇ ਆ ਕੇ ਆਵਾਰਾ ਕੁੱਤੇ ਬੈਠ ਜਾਂਦੇ ਹਨ। ਅਜਿਹੇ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਹ ਆਉਣ-ਜਾਣ ਵਾਲੇ ਲੋਕਾਂ ਨੂੰ ਭੌਂਕਦੇ ਤੇ ਵੱਢਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਮਹਿਲਾ ਥਾਣੇ ਵਿਚ ਲੱਗਾ ਜਨਰੇਟਰ ਜੋ ਲੱਖਾਂ ਦੀ ਕੀਮਤ ਦਾ ਹੈ, ਕਈ ਸਾਲਾਂ ਤੋਂ ਖਰਾਬ ਪਿਆ ਹੈ। ਫੰਡ ਨਾ ਹੋਣ ਕਾਰਨ ਉਸ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ। ਵੀਰਵਾਰ ਬਿਜਲੀ ਬੰਦ ਹੋ ਜਾਣ ਕਾਰਨ ਥਾਣੇ ਦੇ ਮੁਨਸ਼ੀ ਕਮਰੇ ਵਿਚ ਲਿਖਾ ਪੜ੍ਹੀ ਕਰਨ ਵਾਲੀਆਂ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਕ ਮਹਿਲਾ ਮੁਲਾਜ਼ਮ ਕੰਪਿਊਟਰ ਵਿਚ ਆਨਲਾਈਨ ਕੰਮ ਕਰ ਰਹੀ ਸੀ ਪਰ ਬਿਜਲੀ ਬੰਦ ਹੋ ਜਾਣ ਕਾਰਨ ਨਿਰਾਸ਼ ਹੋ ਕੇ ਬੈਠ ਗਈ। ਦੂਜੀ ਮਹਿਲਾ ਮੁਲਾਜ਼ਮ ਨੇ ਤੁਰੰਤ ਆਪਣੇ ਮੋਬਾਇਲ ਫੋਨ ਦੀ ਟਾਰਚ ਜਗਾਈ ਜਿਸ ਪਿੱਛੋਂ ਆਨਲਾਈਨ ਕੰਮ ਹੋ ਸਕਿਆ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕੁਝ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਫੰਡਾਂ ਦੀ ਕਮੀ ਕਾਰਨ ਖਰਾਬ ਪਿਆ ਜਰਨੇਟਰ ਇਕ ਸ਼ੋਅਪੀਸ ਬਣ ਕੇ ਰਹਿ ਗਿਆ ਹੈ।