ਸ਼ਾਤਰ ਔਰਤਾਂ ਦੀ ਕਰਤੂਤ, ਏ. ਐੱਸ. ਆਈ. ਦੀ ਮਾਂ ਨਾਲ ਕੀਤੀ ਵਾਰਦਾਤ

11/18/2017 1:24:54 PM

ਚੰਡੀਗੜ੍ਹ (ਸੰਦੀਪ) : ਪੰਜਾਬ ਪੁਲਸ 'ਚ ਤਾਇਨਾਤ ਏ. ਐੱਸ. ਆਈ. ਦੀ ਮਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਔਰਤਾਂ ਦੇ ਗਿਰੋਹ ਨੇ ਉਸਦੀ ਮਾਂ ਦੇ ਹੱਥੋਂ ਸੋਨੇ ਦਾ ਕੜਾ ਚੋਰੀ ਕਰ ਲਿਆ। ਹਾਲਾਂਕਿ ਕੜਾ ਚੋਰੀ ਹੋਣ ਦਾ ਪਤਾ ਲਗਦਿਆਂ ਹੀ ਰੌਲਾ ਪਾਏ ਜਾਣ 'ਤੇ ਲੋਕਾਂ ਨੇ 2 ਮੁਲਜ਼ਮ ਔਰਤਾਂ ਨੂੰ ਕਾਬੂ ਕਰ ਲਿਆ ਪਰ ਤੀਜੀ ਕੜਾ ਲੈ ਕੇ ਮੌਕੇ ਤੋਂ ਫਰਾਰ ਹੋ ਗਈ। ਫੜੀਆਂ ਗਈਆਂ ਔਰਤਾਂ ਦੀ ਪਛਾਣ ਤਰਨਤਾਰਨ ਦੀ ਰਹਿਣ ਵਾਲੀ ਲਾਭੋ ਤੇ ਕ੍ਰਿਸ਼ਨਾ ਵਜੋਂ ਹੋਈ ਹੈ। ਸੈਕਟਰ-11 ਥਾਣਾ ਪੁਲਸ ਨੇ ਦੋਵਾਂ ਔਰਤਾਂ ਨੂੰ ਅੱਜ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 2 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਪੁਲਸ ਉਨ੍ਹਾਂ ਦੀ ਤੀਜੀ ਫਰਾਰ ਸਾਥਣ ਬਾਰੇ ਪਤਾ ਲਾ ਕੇ ਉਸ ਕੋਲੋਂ ਸੋਨੇ ਦਾ ਕੜਾ ਵੀ ਬਰਾਮਦ ਕਰੇਗੀ।
ਜਾਣਕਾਰੀ ਮੁਤਾਬਿਕ ਸੈਕਟਰ-22 'ਚ ਰਹਿਣ ਵਾਲੀ ਸ਼ੀਤਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਸੱਸ ਸੰਤੋਸ਼ ਦਾ ਚੈੱਕਅਪ ਕਰਵਾਉਣ ਲਈ ਉਸ ਨੂੰ ਵੀਰਵਾਰ ਪੀ. ਜੀ. ਆਈ. ਦੀ ਓ. ਪੀ. ਡੀ. 'ਚ ਲੈ ਕੇ ਗਈ ਸੀ। ਚੈੱਕ ਕਰਵਾਉਣ ਤੋਂ ਬਾਅਦ ਦੁਪਹਿਰ ਸਮੇਂ ਉਹ ਪੀ. ਜੀ. ਆਈ. ਬੱਸ ਸਟਾਪ ਤੋਂ ਬੱਸ 'ਚ ਸਵਾਰ ਹੋ ਕੇ ਸੈਕਟਰ-22 ਨੂੰ ਜਾ ਰਹੀਆਂ ਸਨ। ਬੱਸ 'ਚ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਪਿੱਛੇ ਖੜ੍ਹੀਆਂ ਤਿੰਨ ਔਰਤਾਂ ਕੁਝ ਜ਼ਿਆਦਾ ਹੀ ਧੱਕਾ-ਮੁੱਕੀ ਕਰਨ ਲੱਗੀਆਂ। ਇਸ ਦੌਰਾਨ ਇਕ ਔਰਤ ਨੇ ਉਸਦੀ ਸੱਸ ਸੰਤੋਸ਼ ਦਾ ਸੋਨੇ ਦਾ ਕੜਾ ਕੱਟ ਕੇ ਚੋਰੀ ਕਰ ਲਿਆ। ਕੜਾ ਕੱਟੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਸੰਤੋਸ਼ ਨੇ ਇਸ ਬਾਰੇ ਸ਼ੀਤਲ ਨੂੰ ਦੱਸਿਆ ਤਾਂ ਸ਼ੀਤਲ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਥੋਂ ਫਰਾਰ ਹੋ ਰਹੀਆਂ 2 ਔਰਤਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦੋਂਕਿ ਉਨ੍ਹਾਂ ਦੀ ਤੀਜੀ ਸਾਥਣ ਉਥੋਂ ਫਰਾਰ ਹੋ ਗਈ। ਸ਼ਹਿਰ 'ਚ ਇਸ ਤਰ੍ਹਾਂ ਭੀੜ ਦਾ ਫਾਇਦਾ ਚੁੱਕ ਕੇ ਗਹਿਣੇ ਚੋਰੀ ਕਰਨ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਗਿਰੋਹ ਪੀ. ਜੀ. ਆਈ. ਤੇ ਸੈਕਟਰ-16 ਹਸਪਤਾਲ ਵਰਗੇ ਭੀੜ-ਭੜੱਕੇ ਵਾਲੇ ਬੱਸ ਸਟਾਪ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।