ਸਰਕਾਰ ਦੇ ਸਭ ਤੋਂ ਕਮਾਊ ਵਿਭਾਗ ''ਚ ਸਹੂਲਤਾਂ ਦੀ ਕਮੀ

02/16/2018 4:41:13 AM

ਜਲੰਧਰ, (ਰਾਜ)- ਸਰਕਾਰ ਦਾ ਸਭ ਤੋਂ ਕਮਾਊ ਵਿਭਾਗ ਜੀ. ਐੱਸ. ਟੀ. ਭਵਨ ਖੁਦ ਸਹੂਲਤਾਂ ਦੀ ਕਮੀ ਨਾਲ ਜੂਝ ਰਿਹਾ ਹੈ। ਸਰਕਾਰ ਨੇ ਜੀ. ਐੱਸ. ਟੀ. ਭਵਨ ਦਾ ਨਿਰਮਾਣ ਤਾਂ ਹਫੜਾ-ਦਫੜੀ 'ਚ ਕਰ ਦਿੱਤਾ ਪਰ ਉਨ੍ਹਾਂ ਨੂੰ ਸਹੂਲਤਾਂ ਕੋਈ ਨਹੀਂ ਦਿੱਤੀਆਂ। ਭਵਨ ਦੇ ਖੁੱਲ੍ਹੇ ਹਾਲ 'ਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਕੁਰਸੀਆਂ ਲਾ ਦਿੱਤੀਆਂ ਗਈਆਂ ਹਨ। ਇਸ ਭਵਨ 'ਚ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨਾਲ ਸਬੰਧਤ ਸਾਰੇ ਅਧਿਕਾਰੀਆਂ ਨੂੰ ਇੱਥੇ ਬਿਠਾ ਦਿੱਤਾ ਗਿਆ ਹੈ। ਭਵਨ ਦੇ ਅੰਦਰ ਜਾਣ 'ਤੇ ਅਜਿਹਾ ਲੱਗਦਾ ਹੈ ਕਿ ਜਿਵੇਂ ਲੋਕ ਸਰਕਾਰੀ ਬੈਂਕ 'ਚ ਆ ਗਏ ਹੋਣ। ਬੈਠਣ ਦੀ ਕੋਈ ਜਗ੍ਹਾ ਨਾ ਹੋਣ ਕਾਰਨ ਅਧਿਕਾਰੀ ਖੁਦ ਵੀ ਨੀਵਾਂ ਮਹਿਸੂਸ ਕਰ ਰਹੇ ਹਨ। ਸਰਕਾਰ ਦੇ ਸਭ ਤੋਂ ਕਮਾਊ ਵਿਭਾਗ ਦਾ ਭਵਨ ਤਾਂ ਖੜ੍ਹਾ ਹੋ ਗਿਆ ਪਰ ਉਸ ਵਿਚ ਅੰਦਰ ਦੇ ਇੰਟੀਰੀਅਰ ਦਾ ਕੰਮ ਕਰਵਾਉਣਾ ਸਰਕਾਰ ਭੁੱਲ ਗਈ ਹੈ। ਸਰਕਾਰ ਈ. ਟੀ. ਓ. ਪੱਧਰ ਦੇ ਅਧਿਕਾਰੀਆਂ ਨੂੰ ਕਲਰਕਾਂ ਨਾਲ ਬਿਠਾ ਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਪੂਰੇ ਭਵਨ ਦੇ ਅਧਿਕਾਰੀਆਂ 'ਚ ਸਰਕਾਰ ਦੇ ਇਸ ਰਵੱਈਏ ਨੂੰ ਲੈ ਕੇ ਖਾਸ ਰੋਸ ਪਾਇਆ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਬੁਰਾ ਹਾਲ ਜੀ. ਐੱਸ. ਟੀ. ਭਵਨ ਨੂੰ ਜਾਣ ਵਾਲੀ ਸੜਕ ਦਾ ਹੈ। ਇਸ ਸੜਕ 'ਤੇ ਮੋਟੇ ਪੱਥਰ ਤੇ ਮਿੱਟੀ ਪਾ ਕੇ ਲੁੱਕ ਤੇ ਬੱਜਰੀ ਪਾਉਣਾ ਵੀ ਵਿਭਾਗ ਭੁੱਲ ਚੁੱਕਾ ਹੈ। ਕੁਝ ਦਿਨ ਪਹਿਲਾਂ ਪਏ ਮੀਂਹ ਨੇ ਵੀ ਸੜਕ ਦੀ ਮਿੱਟੀ ਦੇ ਕਾਰਨ ਦਲਦਲ ਦਾ ਰੂਪ ਲੈ ਲਿਆ। ਰੋਜ਼ਾਨਾ ਇਸ ਭਵਨ 'ਚ ਆਉਣ-ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿੱਕੜ 'ਚੋਂ ਲੰਘ ਕੇ ਜਾਣਾ ਪੈਂਦਾ ਹੈ।