ਮਜ਼ਦੂਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲਾ, ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਲਿਆ ਨੋਟਿਸ

06/03/2022 12:12:13 PM

ਤਪਾ ਮੰਡੀ (ਸ਼ਾਮ ਗਰਗ ) : ਕੁੱਝ ਦਿਨ ਪਹਿਲਾਂ ਢਿੱਲਵਾਂ ਰੋਡ ’ਤੇ ਪਲਾਸਟਿਕ ਫ਼ੈਕਟਰੀ ਵਿਚ ਪ੍ਰਦੇਸੀ ਮਕੈਨਿਕ ਰਵੀ ਕੁਮਾਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ’ਤੇ ਕਤਲ ਦੀ ਸ਼ੰਕਾ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਵੱਲੋ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਜਿਸ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਵੱਲੋ ਵੀ ਨੋਟਿਸ ਲਿਆ ਗਿਆ ਹੈ। ਇਸ ਸਬੰਧੀ ਪੀੜਤ ਪਰਿਵਾਰ ਨੇ ਕਥਿਤ ਤੌਰ ’ਤੇ ਦੋਸ਼ ਲਗਾਉਂਦਿਆ ਕਿਹਾ ਕਿ ਰਵੀ ਕੁਮਾਰ ਦਾ ਕਥਿਤ ਕਤਲ ਕੀਤਾ ਗਿਆ ਹੈ ਕਿਉਂਕਿ ਜਿਸ ਕਮਰੇ ਵਿਚ ਰਵੀ ਕੁਮਾਰ ਦੀ ਖੁਦਕੁਸ਼ੀ ਦਿਖਾਈ ਗਈ ਹੈ ਉਸ ਕਮਰੇ ਦੀ ਛੱਤ ਬੜੀ ਨੀਵੀਂ ਹੈ ਅਤੇ ਰਵੀ ਕੁਮਾਰ ਦਾ ਕੱਦ ਲੰਮਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਰਵੀ ਦਾ ਅਪਣੇ ਕਿਸੇ ਵੀ ਪਰਿਵਾਰਿਕ ਮੈਂਬਰ ਨਾਲ ਕੋਈ ਝਗੜਾ ਵਗੈਰਾ ਵੀ ਨਹੀਂ ਹੋਇਆ, ਉਨ੍ਹਾ ਸ਼ੱਕ ਜ਼ਾਹਿਰ ਕਰਦਿਆ ਕਿਹਾ ਕਿ ਰਵੀ ਕੁਮਾਰ ਦਾ ਕਥਿਤ ਕਤਲ ਕਰਕੇ ਉਸ ਨੂੰ ਬਾਅਦ ਵਿਚ ਖੁਦਕੁਸ਼ੀ ਬਣਾਉਣ ਲਈ ਪੱਖੇ ਨਾਲ ਲਟਕਾਇਆ ਗਿਆ। ਪੀੜਤ ਪਰਿਵਾਰ ਨੇ ਕਥਿਤ ਫ਼ੈਕਟਰੀ ਮਾਲਿਕ ’ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆ ਕਈ ਗੰਭੀਰ ਦੋਸ਼ ਲਗਾਏ।

ਇਸ ਸਬੰਧੀ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਦਾ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤਾ ਜਾ ਰਹੀ ਹੈ। ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਇਸ ਸਬੰਧੀ ਕਮਿਸ਼ਨ ਵੱਲੋਂ ਐੱਸ. ਐੱਸ. ਪੀ. ਬਰਨਾਲਾ ਨੂੰ ਪੱਤਰ ਭੇਜ ਕੇ 10 ਜੂਨ ਤੱਕ ਮਾਮਲੇ ਦੀ ਮੁਕੰਮਲ ਰਿਪੋਰਟ ਪੇਸ਼ ਕਰਨ ਲਈ ਹਿਦਾਇਤ ਕੀਤੀ ਗਈ ਹੈ। ਪੀੜਤ ਪਰਿਵਾਰ ਵੱਲੋ ਕਥਿਤ ਲਗਾਏ ਦੋਸ਼ ਕਿ ਫ਼ੈਕਟਰੀ ਵੀ ਕਾਗਜ਼ੀ ਤੌਰ ’ਤੇ ਸੁਚੱਜੇ ਢੰਗ ਨਾਲ ਨਹੀੰ ਚੱਲ ਰਹੀ ਹੈ ਸਬੰਧੀ ਮੈਡਮ ਕਾਂਗੜਾ ਨੇ ਕਿਹਾ ਕਿ ਇਸ ਸਬੰਧੀ ਵੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀ ਪਾਏ ਜਾਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh