ਕੁਵੈਤ ''ਚ ਫਸੀ ਲੜਕੀ ਦਾ ਹੋਇਆ ਮਾਪਿਆਂ ਨਾਲ ਸੰਪਰਕ

10/11/2019 11:09:24 PM

ਗੁਰਦਾਸਪੁਰ,(ਹਰਮਨਪ੍ਰੀਤ, ਵਿਨੋਦ): ਪਰਿਵਾਰ ਦੀ ਗਰੀਬੀ ਕੱਟਣ ਲਈ ਕੁਵੈਤ ਜਾ ਕੇ ਇਕ ਸ਼ੇਖ ਦੇ ਚੁੰਗਲ ਵਿਚ ਫਸੀ ਲੜਕੀ ਦੇ ਮੁੜ ਆਪਣੇ ਘਰ ਵਾਪਸ ਪਰਤਣ ਦੀ ਉਮੀਦ ਦਿਖਾਈ ਦਿੱਤੀ ਹੈ। ਇਸ ਲੜਕੀ ਨੂੰ ਵਿਦੇਸ਼ ਮੰਤਰਾਲੇ ਵੱਲੋਂ ਸੁਰੱਖਿਅਤ ਕਰ ਲੈਣ ਦੀ ਸੂਚਨਾ ਮਿਲਣ ਦੇ ਬਾਅਦ ਇਸ ਦੇ ਗਰੀਬ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸੁਖ ਦਾ ਸਾਹ ਲਿਆ ਹੈ। ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਜ਼ਿਲੇ ਦੇ ਪਿੰਡ ਆਲੋਵਾਲ ਨਾਲ ਸਬੰਧਿਤ ਜੌਹਨ ਸਟੀਫਨ ਨੇ ਦੱਸਿਆ ਕਿ ਉਸ ਦੀ ਕਰੀਬ 30 ਸਾਲਾ ਲੜਕੀ ਰਾਜੀ ਸਟੀਫਨ ਨਰਸਿੰਗ ਦੀ ਪੜ੍ਹਾਈ ਕਰ ਕੇ ਇਸੇ ਜ਼ਿਲੇ 'ਚ ਇਕ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਦੀ ਸੀ। ਘਰ 'ਚ ਕਾਫੀ ਗਰੀਬੀ ਹੋਣ ਕਾਰਨ ਉਹ ਕਿਸੇ ਏਜੰਟ ਦੇ ਰਾਹੀਂ ਸਿੰਘਾਪੁਰ ਗਈ ਸੀ। ਉਥੇ ਜਾ ਕੇ ਉਸ ਨੇ ਨਰਸਿੰਗ ਦਾ ਕੰਮ ਕਰਨਾ ਸੀ। ਪਰ ਏਜੰਟ ਨੇ ਉਸ ਨੂੰ ਅੱਗੇ ਕੁਵੈਤ ਕਿਸੇ ਸ਼ੇਖ ਦੇ ਘਰ ਕੰਮ ਕਰਨ ਲਈ ਭੇਜ ਦਿੱਤਾ। ਸ਼ੇਖ ਦੇ ਘਰ ਉਸ ਨੂੰ ਕੰਮ ਕਰਨ ਮੌਕੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਕੇ ਸੂਚਿਤ ਕੀਤਾ ਹੈ ਕਿ ਕੁਵੈਤ ਵਿਚ ਇਸ ਲੜਕੀ ਨੂੰ ਲੱਭ ਕੇ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ । ਬਹੁਤ ਜਲਦੀ ਉਸ ਨੂੰ ਵਾਪਸ ਭਾਰਤ ਲਿਆਂਦਾ ਜਾਵੇਗਾ।