''ਆਪ'' ''ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

06/21/2021 10:35:09 PM

ਜਲੰਧਰ (ਵੈੱਬ ਡੈਸਕ) : ਕੁੰਵਰ ਵਿਜੇ ਪ੍ਰਤਾਪ ਦੇ 'ਆਪ' ਵਿੱਚ ਜਾਣ ਨਾਲ ਸਿਆਸੀ ਗਲਿਆਰਿਆਂ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਚਿਰਾਂ ਤੋਂ ਕੁੰਵਰ 'ਤੇ ਬਣਿਆ ਭੇਤ ਅੱਜ ਉਸ ਵਕਤ ਸਾਫ਼ ਹੋ ਗਿਆ ਜਦੋਂ ਉਨ੍ਹਾਂ ਨੇ ਕੇਜਰੀਵਾਲ ਦੀ ਅਗਵਾਈ ਵਿੱਚ 'ਝਾੜੂ' ਫੜ੍ਹਿਆ। ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਸਿੱਟ ਦੇ ਮੁਖੀ ਵਜੋਂ ਚਰਚਾ 'ਚ ਆਏ ਕੁੰਵਰ ਪੰਜਾਬੀਆਂ 'ਚ ਈਮਾਨਦਾਰ ਅਤੇ ਮਿਹਨਤੀ ਅਫ਼ਸਰ ਦੀ ਛਵੀ ਬਣਾਉਣ ਵਿੱਚ ਕਾਮਯਾਬ ਹੋਏ ਹਨ। ਬੇਸ਼ੱਕ ਇਸੇ ਦਰਮਿਆਨ ਉਨ੍ਹਾਂ 'ਤੇ ਅਕਾਲੀ ਦਲ ਵੱਲੋਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਅਤੇ ਖ਼ਾਸ ਮਕਸਦ ਨਾਲ ਜਾਂਚ ਕਰਨ ਦੇ ਇਲਜ਼ਾਮ ਲਗਾਏ ਗਏ ਪਰ ਕੁੰਵਰ ਨੇ ਹਮੇਸ਼ਾ ਹੀ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਣ ਦੀ ਗੱਲ ਕਹੀ।ਮਾਨਯੋਗ ਹਾਈਕੋਰਟ ਵੱਲੋਂ ਕੁੰਵਰ ਦੀ ਅਗਵਾਈ ਵਾਲੀ ਸਿੱਟ ਰੱਦ ਕਰਨ ਕਰਕੇ ਕੁੰਵਰ ਵਿਜੇ ਨੂੰ ਵੱਡਾ ਝਟਕਾ ਲੱਗਾ।ਹੁਣ ਵੇਖਣਾ ਇਹ ਹੋਵੇਗਾ ਕਿ ਕੁੰਵਰ ਦੇ ਸਿਆਸਤ ਵਿੱਚ ਆਉਣ ਨਾਲ ਪੰਜਾਬ ਦੀ ਰਾਜਨੀਤੀ 'ਤੇ ਕੀ ਅਸਰ ਪਏਗਾ?

ਅਕਾਲੀ ਦਲ ਤੇ ਕਾਂਗਰਸ ਲਈ ਕੁੰਵਰ ਬਣੇਗਾ ਖ਼ਤਰਾ!
ਬਤੌਰ ਡਿਊਟੀ ਅਫ਼ਸਰ ਕੁੰਵਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਿਆਸੀ ਚਾਲਾਂ ਤੋਂ ਨੇੜੇ ਤੋਂ ਜਾਣੂ ਹੋਣਗੇ ਜੋ ਅਕਾਲੀ ਦਲ ਅਤੇ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਜੇਕਰ ਨੌਕਰੀ 'ਤੇ ਰਹਿੰਦਿਆਂ ਕੁੰਵਰ ਅਕਾਲੀ ਦਲ ਅਤੇ ਕਾਂਗਰਸ 'ਤੇ ਲੁਕਵੇਂ ਨਿਸ਼ਾਨੇ ਵਿੰਨ੍ਹ ਸਕਦਾ ਹੈ ਤਾਂ ਹੁਣ ਸਿਆਸੀ ਆਗੂ ਦੇ ਰੂਪ ਵਿੱਚ ਅਕਾਲੀ ਦਲ ਤੇ ਕਾਂਗਰਸ ਲਈ ਵੱਡਾ ਖ਼ਤਰਾ ਹੋ ਸਕਦਾ ਹੈ। ਕੁੰਵਰ ਜਾਣਦੇ ਹਨ ਕਿ ਦੋਵੇਂ ਪਾਰਟੀਆਂ ਕਿਵੇਂ ਲੋਕਾਂ ਨੂੰ ਸਿਆਸੀ ਚਾਲਾਂ ਨਾਲ ਮਸਲਿਆਂ ਵਿੱਚ ਉਲਝਾਈ ਰੱਖਣ ਦੀਆਂ ਮਾਹਿਰ ਹਨ। ਖ਼ਾਸ ਤੌਰ 'ਤੇ ਬੇਅਦਬੀ ਦੇ ਮਾਮਲੇ ਵਿੱਚ ਪੰਜਾਬੀਆਂ ਨੂੰ ਸਾਲਾਂ ਤੋਂ ਇਨਸਾਫ਼ ਦੀ ਉਡੀਕ ਹੈ ਪਰ ਅਕਾਲੀ ਦਲ ਦੇ ਰਾਜ ਦਰਮਿਆਨ ਹੋਈਆਂ ਬੇਅਦਬੀਆਂ 'ਤੇ ਕਾਂਗਰਸ ਵੀ ਇਨਸਾਫ਼ ਦਵਾਉਣ ਵਿੱਚ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋ ਜਾਣ 'ਤੇ ਵੀ ਕਾਮਯਾਬ ਨਹੀਂ ਹੋ ਸਕੀ। ਇਸ ਵਕਤ ਕੁੰਵਰ ਦੀ ਆਪ 'ਚ ਐਂਟਰੀ ਅਕਾਲੀ ਦਲ ਤੇ ਕਾਂਗਰਸ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦੀ ਹੈ।   

ਇਹ ਵੀ ਪੜ੍ਹੋ : ਹਾਈਕਮਾਂਡ ਦੀ ਚੁੱਪੀ ’ਤੇ ਟੁੱਟਿਆ ਸਿੱਧੂ ਦੇ ਸਬਰ ਦਾ ਬੰਨ੍ਹ, ਫਿਰ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ

ਅਕਾਲੀ ਦਲ ਦੇ ਦਾਅਵਿਆਂ ਨੂੰ ਮਿਲੀ ਪਕਿਆਈ
ਸਿੱਟ ਦੇ ਮੁਖੀ ਵਜੋਂ ਜਾਂਚ ਕਰਕੇ ਚਰਚਾ 'ਚ ਆਏ ਕੁੰਵਰ ਨੂੰ ਅਕਾਲੀ ਦਲ ਸ਼ੁਰੂ ਤੋਂ ਹੀ ਸਿਆਸਤ ਤੋਂ ਪ੍ਰੇਰਿਤ ਗਰਦਾਨ ਰਿਹਾ ਸੀ ਜਿਸ ਦੇ ਦਾਅਵਿਆਂ ਨੂੰ ਹੁਣ ਹੋਰ ਪਕਿਆਈ ਮਿਲ ਗਈ ਹੈ। ਬੇਸ਼ੱਕ ਅਕਾਲੀ ਦਲ ਉਸ ਵਕਤ ਆਪਣੇ ਨਿਸ਼ਾਨੇ 'ਤੇ ਕਾਂਗਰਸ ਨੂੰ ਰੱਖ ਰਿਹਾ ਸੀ ਪਰ 'ਆਪ' ਵੱਲੋਂ ਕੁੰਵਰ ਦੀ ਸ਼ਰੇਆਮ ਪ੍ਰਸ਼ੰਸਾ ਕਰਨੀ ਤੇ ਜਾਂਚ 'ਤੇ ਅਕਾਲੀ ਦਲ ਵੱਲੋਂ ਉਠਾਏ ਸੁਆਲਾਂ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਨਾ ਇਹ ਸਪੱਸ਼ਟ ਕਰ ਰਿਹਾ ਸੀ ਕਿ 'ਆਪ' ਪੰਜਾਬੀਆਂ ਨੂੰ ਵਿਸ਼ਵਾਸ ਦਿਵਾ ਰਹੀ ਹੈ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਦੇ ਨਾਂ ਕੁੰਵਰ ਦੀ ਰਿਪੋਰਟ ਵਿੱਚ ਦਰਜ ਹਨ। ਹੁਣ ਜਦੋਂ ਕੁੰਵਰ 'ਆਪ' 'ਚ ਐਂਟਰੀ ਲੈ ਚੁੱਕੇ ਹਨ ਤਾਂ ਅਕਾਲੀ ਦਲ ਦੇ ਦਾਅਵੇ ਹੋਰ ਪੱਕੇ ਹੋ ਗਏ ਹਨ। ਬੇਸ਼ੱਕ ਕੁੰਵਰ ਦੀ ਜਾਂਚ ਕਿਸੇ ਤਰ੍ਹਾਂ ਦੇ ਸਿਆਸੀ ਪ੍ਰਭਾਵ ਤੋਂ ਰਹਿਤ ਹੋਵੇ ਪਰ ਅਕਾਲੀ ਦਲ ਇਸ ਮਸਲੇ ਨੂੰ ਉਭਾਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਵੇਗਾ ਕਿ ਕੁੰਵਰ ਵੱਲੋਂ ਕੀਤੀ ਜਾਂਚ ਸਿਆਸੀ ਪ੍ਰਭਾਵ ਤਹਿਤ ਕੀਤੀ ਗਈ ਸੀ।

ਕੁੰਵਰ ਦੀ 'ਛਵੀ' ਅਤੇ ਪੰਜਾਬੀਆਂ ਦੇ ਫ਼ਤਵੇ 
ਕੁੰਵਰ ਵਿਜੈ ਪ੍ਰਤਾਪ ਬਿਹਾਰ ਰਾਜ ਤੋਂ ਹਨ ਅਤੇ ਪੰਜਾਬ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਕਾਰਨ ਚਰਚਾ ਵਿੱਚ ਰਹੇ ਹਨ। ਬੇਸ਼ੱਕ ਕੁਝ ਇਲਜ਼ਾਮ ਵੀ ਲੱਗੇ ਪਰ ਕੁੱਲ ਮਿਲਾ ਕੇ ਉਨ੍ਹਾਂ ਦਾ ਦਾਮਨ ਪਾਕ ਰਿਹਾ ਅਤੇ ਪੰਜਾਬੀਆਂ ਨੇ ਉਨ੍ਹਾਂ ਨੂੰ ਰੋਹਬਦਾਰ ਇਮਾਨਦਾਰ ਅਫ਼ਸਰ ਵਜੋਂ ਪ੍ਰਵਾਨਿਆ। ਇਹ ਸਭ ਉਦੋਂ ਤੱਕ ਤਾਂ ਸੰਭਵ ਸੀ ਜਦੋਂ ਤਕ ਉਹ ਪੁਲਸ ਮਹਿਕਮੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਰਹੇ ਅਤੇ ਪੰਜਾਬ ਦੀ ਸੇਵਾ ਕਰਦੇ ਸਨ। ਹੁਣ ਜਦੋਂ ਉਹ ਅਸਤੀਫ਼ਾ ਦੇ ਕੇ ਇੱਕ ਸਿਆਸੀ ਜਮਾਤ ਨਾਲ ਜੁੜ ਗਏ ਹਨ ਤਾਂ ਕੀ ਉਹ ਆਪਣੀ ਉਹੀ ਛਵੀ ਬਣਾਈ ਰੱਖਣ ਵਿੱਚ ਕਾਮਯਾਬ ਹੋ ਸਕਣਗੇ? ਕੀ ਵਿਰੋਧੀ ਧਿਰਾਂ ਉਸ ਨਾਲ ਪਹਿਲਾਂ ਦੀ ਤਰ੍ਹਾਂ ਹੀ ਵਿਵਹਾਰ ਕਰਨਗੀਆਂ? ਇਸਦਾ ਜੁਆਬ ਹੈ ਕਿ ਕੁੰਵਰ 'ਤੇ ਸਿਆਸੀ ਨਿਸ਼ਾਨਿਆਂ ਨੂੰ ਹੁਣ ਹੋਰ ਹਵਾ ਮਿਲੇਗੀ। ਅਕਾਲੀ ਦਲ ਤਾਂ ਪਹਿਲਾਂ ਤੋਂ ਹੀ ਉਸ 'ਤੇ ਇਲਜ਼ਾਮ ਲਗਾ ਰਿਹਾ ਹੈ। ਇਸਦੇ ਨਾਲ ਹੀ ਕੈਪਟਨ ਖੇਮੇ ਦੇ ਜੋ ਵਿਧਾਇਕ ਕੁੰਵਰ ਦੀ ਸਿੱਟ ਰੱਦ ਕਰਨ 'ਤੇ ਨਿਰਾਸ਼ ਸਨ ਉਨ੍ਹਾਂ ਨੂੰ ਵੀ ਮੁੜ ਸੋਚਣਾ ਪਵੇਗਾ ਕਿ ਉਹ ਉਦੋਂ ਸਹੀ ਸਨ ਜਾਂ ਹੁਣ ਕੁੰਵਰ ਖ਼ਿਲਾਫ਼ ਬੋਲ ਕੇ ਸਹੀ ਸਾਬਿਤ ਹੋਣਗੇ।

2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵੇਲੇ 'ਆਪ' ਦੀ ਟਿਕਟ ਵੰਡ ਅਤੇ ਦਿੱਲੀ ਤੋਂ ਆਏ ਆਗੂਆਂ ਵੱਲੋਂ ਮਰਜ਼ੀਆਂ ਕਰਨ ਤੋਂ ਖ਼ਫ਼ਾ ਪੰਜਾਬ ਦੇ 'ਆਪ' ਕਾਰਕੁਨ ਵੱਡੇ ਪੱਧਰ 'ਤੇ ਨਿਰਾਸ਼ ਹੋਏ ਸਨ। ਜਦੋਂ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਦੇਖਿਆ ਗਿਆ ਤਾਂ ਪੰਜਾਬ ਦੇ ਉਨ੍ਹਾਂ 'ਆਪ' ਆਗੂਆਂ ਨੇ ਵੀ ਲੁਕਵਾਂ ਵਿਰੋਧ ਕੀਤਾ ਜੋ ਖ਼ੁਦ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਦਾਅਵੇਦਾਰ ਮੰਨ ਰਹੇ ਸਨ। ਇਹ ਗੱਲ ਵਿਰੋਧੀਆਂ ਨੇ ਵੀ ਖੂਬ ਪ੍ਰਚਾਰੀ ਕਿ ਪੰਜਾਬ 'ਤੇ ਰਾਜ ਕਰਨ ਵਾਲਾ ਪੰਜਾਬੀ ਹੋਵੇਗਾ ਕੋਈ ਬਾਹਰਲੇ ਰਾਜ ਦਾ ਨਹੀਂ। ਇਸ ਗੱਲ ਨੂੰ ਕਾਫ਼ੀ ਹੱਦ ਤੱਕ 'ਆਪ' ਦੇ ਵੋਟਰਾਂ ਨੇ ਵੀ ਮਹਿਸੂਸ ਕੀਤਾ ਕਿ ਪੰਜਾਬ ਦਾ ਆਗੂ ਪੰਜਾਬੀ ਹੋਣਾ ਚਾਹੀਦਾ ਹੈ। ਹੁਣ ਵੀ ਇਹੀ ਸਵਾਲ ਹੈ ਕਿ ਕੀ ਪੰਜਾਬ 'ਚ ਸੇਵਾਵਾਂ ਦੇਣ ਆਏ ਕੁੰਵਰ ਵਿਜੇ ਪ੍ਰਤਾਪ ਨੂੰ ਪੰਜਾਬੀ ਬਤੌਰ ਸਿਆਸੀ ਆਗੂ ਸਵੀਕਾਰ ਕਰਨਗੇ ਜਾਂ ਨਹੀਂ?

ਇਹ ਵੀ ਪੜ੍ਹੋ :  ਅੰਮ੍ਰਿਤਸਰ ’ਚ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਪੰਜਾਬ ’ਚ ਮੁੱਖ ਮੰਤਰੀ ਚਿਹਰੇ ’ਤੇ ਵੱਡਾ ਖ਼ੁਲਾਸਾ

ਜੇਕਰ ਕੁੰਵਰ ਅੰਮ੍ਰਿਤਸਰ ਤੋਂ ਚੋਣ ਲੜਦੇ ਹਨ ਤਾਂ.....
ਅੰਮ੍ਰਿਤਸਰ ਦੀ ਸਿਆਸਤ ਪੰਜਾਬ ਦੀ ਸਿਆਸਤ ਤੋਂ ਕੁਝ ਹਟਕੇ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਸੱਤਾ ਵਿੱਚ ਆਏ ਸਨ ਤਾਂ ਉਸ ਸਮੇਂ ਇਥੋਂ ਅਰੁਣ ਜੇਤਲੀ ਨੂੰ ਅਕਾਲੀ ਦਲ-ਭਾਜਪਾ ਗੱਠਜੋੜ ਦੇ ਰਹਿੰਦਿਆਂ ਚੋਣ ਲੜਨ ਲਈ ਉਮੀਦਵਾਰ ਬਣਾਇਆ ਗਿਆ ਸੀ। ਐਨ ਵਕਤ ਕੈਪਟਨ ਨੇ ਇਹ ਸੀਟ ਲੜੀ ਅਤੇ ਜਿੱਤੇ ਵੀ। ਪੂਰੇ ਦੇਸ਼ ਵਿੱਚ ਮੋਦੀ ਦੀ ਲਹਿਰ ਦੇ ਬਾਵਜੂਦ ਅਤੇ ਜੇਤਲੀ ਦੇ ਸੰਭਾਵਿਤ ਵਿੱਤ ਮੰਤਰੀ ਬਣਨ ਦੇ ਬਾਵਜੂਦ ਵੀ ਅੰਮ੍ਰਿਤਸਰ ਵਾਸੀਆਂ ਨੇ ਜਿੱਤ ਦੀ ਫ਼ਤਵਾ ਕੈਪਟਨ ਨੂੰ ਦਿੱਤਾ ਸੀ। ਇਸਦਾ ਸਿੱਧਾ ਸਿੱਧਾ ਮਤਲਬ ਹੈ ਕਿ ਪੰਜਾਬ ਤੋਂ ਬਾਹਰੋਂ ਆਏ ਵੱਡੇ ਸਿਆਸੀ ਆਗੂ ਨੂੰ ਵੀ ਵੋਟਰਾਂ ਨੇ ਨਕਾਰ ਦਿੱਤਾ। ਕੀ ਜੇਕਰ ਅੰਮ੍ਰਿਤਸਰ ਤੋਂ ਕੁੰਵਰ ਚੋਣ ਲੜਦੇ ਹਨ ਤਾਂ ਮੁੜ ਵੋਟਰ ਉਹੀ ਇਤਿਹਾਸ ਦੁਹਰਾਉਣਗੇ ਜਾਂ ਆਪ ਨੂੰ ਇਸਦਾ ਕੋਈ ਫ਼ਾਇਦਾ ਮਿਲੇਗਾ? 2017 ਵਿੱਚ 'ਆਪ' ਨੂੰ ਮਾਝੇ ਵਿੱਚੋਂ ਬਹੁਤਾ ਚੰਗਾ ਹੁਲਾਰਾ ਨਹੀਂ ਮਿਲਿਆ ਸੀ ਤੇ ਹੁਣ ਤੱਕ ਵੀ ਇਸ ਖਿੱਤੇ ਵਿੱਚ 'ਆਪ' ਕੁਝ ਖਾਸ ਰਣਨੀਤੀ ਨਹੀਂ ਬਣਾ ਸਕੀ। ਇਹ ਗੱਲ ਸਾਫ਼ ਤੇ ਸਪੱਸ਼ਟ ਹੈ ਕਿ ਕੁੰਵਰ ਨੂੰ ਅੱਗੇ ਆਉਣ ਲਈ ਸੰਘਰਸ਼ ਭਰਿਆ ਰਸਤਾ ਤੈਅ ਕਰਨਾ ਪਵੇਗਾ।

ਬਰਗਾੜੀ ਹਲਕੇ ਦੀ ਰਾਜਨੀਤੀ ਹੋਵੇਗੀ ਪ੍ਰਭਾਵਿਤ?
ਇਕ ਅੰਦਾਜ਼ਾ ਇਹ ਵੀ ਹੈ ਕਿ 'ਆਪ' ਬਰਗਾੜੀ ਮਸਲੇ ਨੂੰ ਉਭਾਰ ਕੇ ਇਸਦਾ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੋਵੇਗੀ। ਇਸਦਾ ਵੱਡਾ ਕਾਰਨ ਇਹ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਅਕਾਲੀ ਦਲ ਦੀ ਸਰਕਾਰ ਵੇਲੇ ਵਾਪਰੀਆਂ ਅਤੇ ਕਾਂਗਰਸ ਅਜੇ ਤਕ ਇਨਸਾਫ਼ ਦਿਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਲੋਕਾਂ ਦਾ ਦੋਵਾਂ ਧਿਰਾਂ ਖ਼ਿਲਾਫ਼ ਰੋਹ ਹੈ। ਹੁਣ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਕੈਸ਼ ਕਰਨ ਲਈ ਕੁੰਵਰ ਨੂੰ ਚੋਣ ਲੜਾਵੇਗੀ ਤੋ ਹੋ ਸਕਦਾ ਹੈ ਕਿ ਬਰਗਾੜੀ ਦੇ ਨੇੜੇ ਤੇੜੇ ਕਿਸੇ ਖੇਤਰ ਤੋਂ ਇਹ ਚੋਣ ਲੜੀ ਜਾਵੇ। ਇਸ ਮੁੱਦੇ 'ਤੇ ਵੋਟਰਾਂ ਦਾ ਮਿਜ਼ਾਜ ਵੀ ਉਲਟ ਦਿਸ਼ਾਵੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸਦੀ ਉਦਾਹਰਣ ਸੁਖਪਾਲ ਖਹਿਰਾ ਹੈ। 'ਆਪ' ਨਾਲੋਂ ਰੁੱਸੇ ਸੁਖਪਾਲ ਖਹਿਰਾ ਨੇ ਬੇਅਦਬੀ ਦੇ ਮਸਲੇ ਨੂੰ ਉਭਾਰ ਕੇ ਵੱਡਾ ਇਕੱਠ ਕੀਤਾ ਸੀ ਅਤੇ ਪਿੰਡੋ ਪਿੰਡ ਮਾਰਚ ਵੀ ਕੱਢਿਆ। ਉਸ ਵਕਤ ਇਵੇਂ ਲਗਦਾ ਸੀ ਕਿ ਲੋਕ ਬੇਅਦਬੀ ਦੇ ਮਸਲੇ 'ਤੇ ਖਹਿਰੇ ਨਾਲ ਹਮਦਰਦੀ ਰੱਖਦੇ ਹਨ ਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਖਹਿਰਾ ਇਨਸਾਫ਼ ਦਵਾ ਸਕਦਾ ਹੈ। ਇਹ ਭਰਮ ਉਦੋਂ ਟੁੱਟਿਆ ਜਦੋਂ ਸੁਖਪਾਲ ਖਹਿਰਾ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਬਠਿੰਡੇ ਤੋਂ ਬੁਰੀ ਤਰ੍ਹਾਂ ਹਾਰਿਆ ਅਤੇ ਹਰਸਿਮਰਤ ਨੂੰ ਜਿੱਤ ਪ੍ਰਾਪਤ ਹੋਈ। ਸੋ ਪਹਿਲਾਂ ਤੋਂ ਤੈਅ ਹੋ ਕੇ ਚੱਲਣਾ ਕੇ 'ਆਪ' ਕੁੰਵਰ ਦੇ ਮੋਢਿਆਂ 'ਤੇ ਇਸ ਮਸਲੇ ਨੂੰ ਲੈ ਕੇ ਵੋਟ ਪ੍ਰਾਪਤ ਕਰ ਲਵੇਗੀ ਸਹੀ ਨਹੀਂ ਹੋਵੇਗਾ।

ਨਵੇਂ ਚਿਹਰਿਆਂ ਨਾਲ 'ਆਪ' ਨੂੰ ਮਿਲੇਗਾ ਸਿਆਸੀ ਲਾਭ?
'ਆਪ' 'ਤੇ ਹਮੇਸ਼ਾ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਵੋਟਾਂ ਤੋਂ ਪਹਿਲਾਂ ਪਾਰਟੀ ਨਵੇਂ ਚਿਹਰਿਆਂ ਨੂੰ ਟਿਕਟਾਂ ਦੇ ਕੇ ਸਾਲਾਂ ਤੋਂ ਮਿਹਨਤ ਕਰਨ ਵਾਲੇ ਕਾਰਕੁਨਾਂ ਦੀ ਨਾਰਾਜ਼ਗੀ ਝੱਲਦੀ ਹੈ ਜਿਸਦਾ ਖਮਿਆਜ਼ਾ 'ਆਪ' ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੁਗਤਣਾ ਪਿਆ ਸੀ। ਬੇਸ਼ੱਕ ਉਹ 'ਆਪ' ਦੀ ਪਹਿਲੀ ਵਿਧਾਨ ਸਭਾ ਪਾਰੀ ਸੀ ਪਰ ਇਸ ਵਾਰ ਵੀ ਸਥਿਤੀ ਉਹੋ ਜਿਹੀ ਹੀ ਹੈ। ਪਾਰਟੀ ਵਿੱਚ ਬਹੁਤੇ ਚਿਹਰੇ ਹੋਰਾਂ ਪਾਰਟੀਆਂ ਤੋਂ ਆਏ ਸਨ ਜਿਹੜੇ ਵੋਟਾਂ 'ਚ ਹਾਰ ਮਗਰੋਂ ਪੱਤਰਾ ਵਾਚ ਗਏ। ਜੋ ਸਿਰਫ਼ ਟਿਕਟਾਂ ਲਈ ਆਏ ਸਨ ਟਿਕਟ ਨਾ ਮਿਲਣ 'ਤੇ ਪਾਰਟੀ ਦਾ ਸਾਥ ਛੱਡ ਗਏ। ਕਈ ਚਿਹਰੇ ਅਜਿਹੇ ਵੀ ਹਨ ਜੋ ਪਹਿਲਾਂ ਆਪ 'ਚ ਆਏ ਤੇ ਟਿਕਟ ਵੀ ਮਿਲੀ ਪਰ ਜਿੱਤੇ ਨਹੀਂ। ਫਿਰ ਪਾਰਟੀ ਦੀਆਂ ਰਣਨੀਤੀਆਂ ਤੋਂ ਤੰਗ ਆ ਕੇ ਕਿਸੇ ਹੋਰ ਪਾਰਟੀ ਵਿੱਚ ਚਲੇ ਗਏ ਤੇ ਹੁਣ ਮੁੜ 'ਆਪ' ਵਿੱਚ ਐਂਟਰੀ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਝ ਆਸਾਨੀ ਨਾਲ ਤੇ ਬਿਨਾਂ ਕਿਸੇ ਰੋਕ ਟੋਕ ਦੇ ਹੋ ਰਿਹਾ ਹੈ। 'ਆਪ' ਦੀ ਟਿਕਟਾਂ ਵੰਡ ਦੀ ਰਣਨੀਤੀ ਵੋਟਾਂ ਤੋਂ ਐਨ ਪਹਿਲਾਂ ਪਾਰਟੀ 'ਚ ਆਏ ਨਵੇਂ ਚਿਹਰਿਆਂ ਨੂੰ ਉਮੀਦਵਾਰ ਐਲਾਨ ਕੇ ਜਿੱਤ ਦੀ ਉਮੀਦ ਕਰਨਾ ਸਫ਼ਲ ਨਹੀਂ ਹੋ ਸਕੀ। ਜ਼ਾਹਿਰ ਹੈ ਕੇ ਕੁੰਵਰ ਵਿਜੇ ਪ੍ਰਤਾਪ ਵੀ ਚੋਣ ਲੜੇਗਾ ਪਰ ਜਿਸ ਹਲਕੇ ਤੋਂ ਉਮੀਦਵਾਰ ਹੋਵੇਗਾ ਕੀ 'ਆਪ' ਦੇ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਕਾਰਕੁਨ ਸਵੀਕਾਰ ਕਰਨਗੇ? ਕੀ ਪਾਰਟੀ ਪਿਛਲੀਆਂ ਚੋਣਾਂ ਵਿੱਚ ਗੁਆਚੀ ਆਪਣੀ ਸਾਖ਼ ਨੂੰ ਮੁੜ ਮਜ਼ਬੂਤ ਕਰ ਪਾਏਗੀ? ਪਹਿਲਾਂ ਨਾਰਾਜ਼ ਹੋਏ 'ਆਪ' ਆਗੂਆਂ ਵਾਗ ਨਵੇਂ ਚਿਹਰੇ ਵੀ ਸਿਰਫ਼ ਵੋਟਾਂ ਤਕ ਆਪਣੀ ਜਿੱਤ ਹਾਰ ਤਕ ਸੀਮਤ ਰਹਿੰਦੇ ਹਨ ਜਾਂ ਵਾਕਿਆ ਹੀ ਪਾਰਟੀ ਦੀਆਂ ਨੀਤੀਆਂ ਪ੍ਰਤੀ ਸੁਹਿਰਦ ਹਨ ਇਹ ਵੀ ਵੱਡਾ ਸਵਾਲ ਹੈ? ਪਿਛਲਾ ਸਿਆਸੀ ਸਫ਼ਰ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਵੱਡੇ ਚਿਹਰਿਆਂ ਦੇ ਚੱਕਰ ਵਿੱਚ ਪਾਰਟੀ ਦੇ ਕਾਰਕੁਨਾਂ ਦੇ ਰੋਸ ਦਾ ਸਾਹਮਣਾ ਕਰਦੀ ਰਹੀ ਹੈ ਜਿਸਦਾ ਵਿਰੋਧੀ ਵੀ ਫ਼ਾਇਦਾ ਉਠਾਉਂਦੇ ਰਹੇ ਹਨ। 

ਕੈਪਟਨ ਦੇ 'ਵਿਧਾਇਕਾਂ' ਲਈ ਸੋਚਣ ਦਾ ਮੌਕਾ
ਮਾਨਯੋਗ ਹਾਈਕੋਰਟ ਵੱਲੋਂ ਕੁੰਵਰ ਦੀ ਅਗਵਾਈ ਵਾਲੀ ਸਿੱਟ ਰੱਦ ਕਰਨ ਦੇ ਫ਼ੈਸਲੇ ਮਗਰੋਂ ਕੈਪਟਨ ਦੇ ਆਪਣੇ ਵਿਧਾਇਕ ਵੀ ਵਿਰੋਧ ਵਿੱਚ ਉਤਰ ਆਏ ਸਨ ਕਿ ਸਰਕਾਰ ਨੇ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ। ਬੇਅਦਬੀ ਮਾਮਲੇ ਦੀ ਜਾਂਚ ਅਤੇ ਨਤੀਜੇ 6  ਮਹੀਨਿਆਂ ਵਿੱਚ ਲੋਕਾਂ ਸਾਹਮਣੇ ਲਿਆਉਣ ਦੀ ਵੀ ਕੈਪਟਨ ਅੱਗੇ ਚੁਣੌਤੀ ਹੈ। ਹੁਣ ਕੁੰਵਰ ਦੇ  'ਆਪ' 'ਚ ਜਾਣ ਨਾਲ ਕੈਪਟਨ ਦੇ ਇਨ੍ਹਾਂ ਵਿਰੋਧੀਆਂ ਨੂੰ ਮੁੜ ਸੋਚਣਾ ਪਵੇਗਾ ਕਿ ਹੁਣ ਉਹ ਪਾਰਟੀ ਪੱਧਰ 'ਤੇ ਕੁੰਵਰ ਦਾ ਵਿਰੋਧ ਕਰਨਗੇ ਜਾਂ ਅਜੇ ਵੀ ਉਸਦੀ ਜਾਂਚ ਦੀ ਤਾਰੀਫ਼ ਕਰਨਗੇ?ਕੀ ਉਹ ਭਵਿੱਖ ਵਿੱਚ ਕੁੰਵਰ ਦੀ ਸਿੱਟ ਰਿਪੋਰਟ ਨੂੰ ਲੈ ਕੇ ਕੈਪਟਨ ਦੀ ਕਾਰਗੁਜ਼ਾਰੀ 'ਤੇ ਸ਼ੱਕ ਕਰਨਗੇ ਜਾਂ ਸਿੱਧੇ ਤੌਰ 'ਤੇ ਪਾਰਟੀ ਪੱਧਰ 'ਤੇ ਕੁੰਵਰ ਦਾ ਵਿਰੋਧ ਕਰਨਗੇ? ਫਿਲਹਾਲ ਕੈਪਟਨ ਲਈ ਇਹ ਰਾਹਤ ਰਹੇਗੀ ਕਿ ਸ਼ਾਇਦ ਕਾਂਗਰਸ ਦੇ ਵਿਧਾਇਕ ਕੁੰਵਰ ਦੇ ਮਸਲੇ 'ਤੇ ਚੁੱਪ ਧਾਰ ਲੈਣ ਤੇ ਕੈਪਟਨ ਦੀ ਕਾਰਗੁਜ਼ਾਰੀ 'ਤੇ ਸ਼ੱਕ ਨਾ ਕਰਨ।

ਨੋਟ; ਕੁੰਵਰ ਵਿਜੇ ਦੇ 'ਆਪ' 'ਚ ਸ਼ਾਮਿਲ ਹੋਣ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ
 

Harnek Seechewal

This news is Content Editor Harnek Seechewal