ਆਖ਼ਿਰ ਕਦੋਂ ਹੈ ਜਨਮ ਅਸ਼ਟਮੀ ਰੋਹਿਣੀ ਨਕਸ਼ੱਤਰ? ਸਿਰਫ਼ 46 ਮਿੰਟ ਦਾ ਮਹੂਰਤ, ਮਨ 'ਚ ਤਾਰੀਖ਼ ਨੂੰ ਲੈ ਕੇ ਨਾ ਰੱਖੋ ਸ਼ੱਕ

09/06/2023 12:31:03 PM

ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਿਥਿਹਾਸਕ ਮਾਨਤਾ ਹੈ ਕਿ ਸ਼੍ਰੀ ਕ੍ਰਿਸ਼ਨ ਦਾ ਜਨਮ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਹੋਇਆ ਸੀ। ਹਿੰਦੂ ਕੈਲੰਡਰ ਮੁਤਾਬਕ, ਇਸ ਸਾਲ ਜਨਮ ਅਸ਼ਟਮੀ 6 ਤੇ 7 ਸਤੰਬਰ ਨੂੰ ਆ ਰਹੀ ਹੈ ਅਤੇ ਅਜਿਹੇ 'ਚ ਲੋਕਾਂ ਦੇ ਮਨਾਂ 'ਚ ਖਦਸ਼ਾ ਹੈ ਕਿ ਜਨਮ ਅਸ਼ਟਮੀ ਦਾ ਤਿਉਹਾਰ ਕਦੋਂ ਮਨਾਇਆ ਜਾਵੇ। ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਿਥੀ ਨੂੰ ਰੋਹਿਣੀ ਨਕਸ਼ਤਰ 'ਚ ਰਾਤ ਦੇ 12 ਵਜੇ ਹੋਇਆ ਸੀ। ਅਜਿਹੀ ਸਥਿਤੀ 'ਚ ਇਸ ਸਾਲ ਅਸ਼ਟਮੀ ਤਿਥੀ ਬੁੱਧਵਾਰ ਨੂੰ ਦੁਪਹਿਰ 3.37 ਵਜੇ ਸ਼ੁਰੂ ਹੋਵੇਗੀ ਤੇ 7 ਸਤੰਬਰ ਨੂੰ ਸ਼ਾਮ 4.16 ਵਜੇ ਤਕ ਚੱਲੇਗੀ। ਇਸ ਲਈ ਜਨਮ ਅਸ਼ਟਮੀ ਤਿਥੀ ਦੋ ਦਿਨਾਂ ਯਾਨੀ 6 ਅਤੇ 7 ਸਤੰਬਰ ਨੂੰ ਮਨਾਈ ਜਾਵੇਗੀ।

ਜਨਮ ਅਸ਼ਟਮੀ 'ਤੇ ਬਣਿਆ ਦੁਰਲੱਭ ਸੰਯੋਗ
ਇਸ ਸਾਲ ਕਈ ਸਾਲਾਂ ਬਾਅਦ ਜਨਮ ਅਸ਼ਟਮੀ 'ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਮਿਥਿਹਾਸਕ ਮਾਨਤਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਿਥੀ ਦੀ ਅੱਧੀ ਰਾਤ ਨੂੰ ਰੋਹਿਣੀ ਨਕਸ਼ੱਤਰ 'ਚ ਹੋਇਆ ਸੀ ਅਤੇ ਇਸ ਸਾਲ 6 ਸਤੰਬਰ ਨੂੰ ਅਸ਼ਟਮੀ ਤਿਥੀ ਦੇ ਨਾਲ ਰੋਹਿਣੀ ਨਕਸ਼ੱਤਰ ਦਾ ਸੰਯੋਗ ਵੀ ਬਣ ਰਿਹਾ ਹੈ ਜੋ ਕਿ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ 'ਚ ਗ੍ਰਹਿਸਥ ਜੀਵਨ 'ਚ ਰਹਿਣ ਵਾਲੇ ਲੋਕਾਂ ਨੂੰ ਜਨਮ ਅਸ਼ਟਮੀ ਦਾ ਤਿਉਹਾਰ 6 ਸਤੰਬਰ ਨੂੰ ਹੀ ਮਨਾਉਣਾ ਚਾਹੀਦਾ ਹੈ।

ਪੂਜਾ ਦਾ ਮਹੂਰਤ
ਵੈਸ਼ਨਵ ਸੰਪਰਦਾ 'ਚ ਉਦੈ ਤਿਥੀ ਦਾ ਜ਼ਿਆਦਾ ਮਹੱਤਵ ਹੈ। ਅਜਿਹੇ 'ਚ ਕੁਝ ਲੋਕ 7 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਮਨਾ ਸਕਦੇ ਹਨ। ਜਨਮ ਅਸ਼ਟਮੀ ਦਾ ਤਿਉਹਾਰ 6 ਸਤੰਬਰ ਨੂੰ ਨਛੱਤਰ ਸਥਿਤੀ ਅਨੁਸਾਰ ਅਤੇ 7 ਸਤੰਬਰ ਨੂੰ ਉਦੈ ਤਿਥੀ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਪੂਜਾ ਦਾ ਮਹੂਰਤ ਸਿਰਫ 46 ਮਿੰਟ ਦਾ ਹੈ, ਜੋ 6 ਸਤੰਬਰ ਨੂੰ ਰਾਤ 11.56 ਵਜੇ ਤੋਂ ਸ਼ੁਰੂ ਹੁੰਦਾ ਹੈ ਅਤੇ 7 ਸਤੰਬਰ ਨੂੰ ਰਾਤ 12.42 ਵਜੇ ਖ਼ਤਮ ਹੁੰਦਾ ਹੈ।


ਇੰਝ ਕਰੋ ਭਗਵਾਨ ਕ੍ਰਿਸ਼ਨ ਜੀ ਦੀ ਪੂਜਾ

  1. ਜਨਮ ਅਸ਼ਟਮੀ 'ਤੇ ਜਲਦੀ ਉੱਠੋ ਤੇ ਸਾਫ਼ ਕੱਪੜੇ ਪਾਓ।
  2. ਲੱਡੂ ਗੋਪਾਲ ਦੀ ਮੂਰਤੀ ਪੂਜਾ ਸਥਾਨ 'ਤੇ ਸਥਾਪਿਤ ਕਰੋ।
  3. ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਫੁੱਲਾਂ ਦੀ ਮਾਲਾ ਤੇ ਸੁਗੰਧ ਵਰਗੀਆਂ ਚੀਜ਼ਾਂ ਨਾਲ ਸਜਾਓ।
  4. ਜਨਮ ਅਸ਼ਟਮੀ 'ਤੇ ਪੂਰਾ ਦਿਨ ਵਰਤ ਰੱਖੋ।
  5. ਲੱਡੂ ਗੋਪਾਲ ਦਾ ਜਨਮ ਅੱਧੀ ਰਾਤ ਨੂੰ ਪੂਜਾ ਮਹੂਰਤ 'ਚ ਕਰਵਾਓ।
  6. ਸ਼੍ਰੀ ਕ੍ਰਿਸ਼ਨ ਜੀ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਓ ਤੇ ਮੱਖਣ ਮਿਸ਼ਰੀ ਦਾ ਭੋਗ ਲਾਓ।
  7. ਸ਼੍ਰੀ ਕ੍ਰਿਸ਼ਨ ਜੀ ਨੂੰ ਤੁਲਸੀ ਦਲ ਵੀ ਭੇਟ ਕਰੋ।
  8. ਓਮ ਨਮੋ ਭਗਵਤੇ ਵਾਸੁਦੇਵਾਯ ਮੰਤਰ ਦਾ ਜਾਪ ਕਰੋ।

sunita

This news is Content Editor sunita