ਸ਼ਾਨਾਮੱਤਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ : ਪ੍ਰੋ. ਬਡੂੰਗਰ

11/15/2019 12:44:20 AM

ਫ਼ਤਿਹਗੜ੍ਹ ਸਾਹਿਬ,(ਜਗਦੇਵ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 99 ਸਾਲਾਂ ਦਾ ਇਤਿਹਾਸ ਸ਼ਾਨਾਮੱਤਾ ਰਿਹਾ ਹੈ, ਜਿਸ ਦੌਰਾਨ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ, ਲੋੜਵੰਦਾਂ ਦੀ ਸੇਵਾ ਤੇ ਵਿੱਦਿਆ ਦਾ ਚਾਨਣ ਫੈਲਾਉਣ _ਚ ਲਾਮਿਸਾਲ ਕੀਰਤੀਮਾਨ ਸਥਾਪਤ ਕੀਤੇ ਗਏ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 14 ਨਵੰਬਰ 1920 ਨੂੰ ਬਹੁਤ ਹੀ ਤਿੱਖੇ ਸੰਘਰਸ਼ _ਚੋਂ ਗੁਜ਼ਰ ਕੇ ਹੋਂਦ 'ਚ ਆਈ ਸੀ ਤੇ ਕਮੇਟੀ ਦੀ ਚੜ੍ਹਦੀ ਕਲਾ ਤੇ ਇਸ ਨੂੰ ਸਥਾਪਿਤ ਕਰਵਾਉਣ ਲਈ ਅਕਾਲੀ ਦਲ ਦੇ ਆਗੂਆਂ, ਵਰਕਰਾਂ ਵੱਲੋਂ 11 ਤਿੱਖੇ ਸੰਘਰਸ਼ਮਈ ਮੋਰਚੇ ਲਾਏ ਗਏ, ਜਿਨ੍ਹਾਂ 'ਚ ਸੈਂਕੜੇ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਸਨ। ਉਨ੍ਹਾਂ ਇਸ ਪਵਿੱਤਰ ਦਿਹਾੜੇ 'ਤੇ ਖ਼ਾਲਸਾ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਨੇ ਬੜੇ ਔਖੇ ਸਮੇਂ 'ਚ ਇਸ ਕਮੇਟੀ ਦੀ ਸ਼ਾਨ ਨੂੰ ਕਾਇਮ ਰੱਖਣ 'ਚ ਅਹਿਮ ਯੋਗਦਾਨ ਪਾਇਆ।