ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੌਜਵਾਨ ਕਿਸਾਨ ਦੀ ਮੌਤ

01/24/2021 6:28:29 PM

ਕੋਟਕਪੂਰਾ (ਨਰਿੰਦਰ ਬੈੜ੍ਹ):  ਕਿਸਾਨਾਂ ਦੇ ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੇੜਲੇ ਪਿੰਡ ਕੋਠੇ ਵੜਿੰਗ ਦੇ ਇੱਕ 22 ਸਾਲਾ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਉਕਤ ਕਿਸਾਨ ਸੰਦੀਪ ਸਿੰਘ ਸੋਨਾ ਪੁੱਤਰ ਬੂਟਾ ਸਿੰਘ ਉਰਫ ਗੁਰਬੂਟਾ ਸਿੰਘ ਜੋ ਕਿ ਕਿਰਤੀ ਕਿਸਾਨ ਯੂਨੀਅਨ ਦਾ ਮੈਂਬਰ ਹੈ, ਕੁੱਝ ਦਿਨ ਪਹਿਲਾਂ ਸਾਥੀਆਂ ਸਮੇਤ ਦਿੱਲੀ ਧਰਨੇ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਦੌਰਾਨ ਹੀ ਉਸਨੂੰ ਪੇਟ ਦੀ ਤਕਲੀਫ ਹੋਈ, ਜੋ ਉਸ ਲਈ ਜਾਨਲੇਵਾ ਸਿੱਧ ਹੋਈ। ਕਿਸਾਨ ਸੰਦੀਪ ਸਿੰਘ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਪ੍ਰੰਤੂ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ:  ਫਿਰ ਤੁਰਿਆ ਖਨੌਰੀ ਬਾਰਡਰ ਤੋਂ 3000 ਟਰੈਕਟਰਾਂ ਦਾ ਕਾਫਲਾ, ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚੇਤਾਵਨੀ (ਵੀਡੀਓ)

ਨੌਜਵਾਨ ਕਿਸਾਨ ਦੀ ਲਾਸ਼ ਉਨ੍ਹਾਂ ਦੇ ਘਰ ਪੁੱਜਣ 'ਤੇ ਪੂਰੇ ਇਲਾਕੇ ਵਿੱਚ ਸੋਗ ਫੈਲ ਗਿਆ ਅਤੇ ਉਸਦੇ ਮਾਤਾ-ਪਿਤਾ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਦੂਲ ਸਿੰਘ ਕਾਸਮ ਭੱਟੀ ਜ਼ਿਲਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਫਰੀਦਕੋਟ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਅਮਨ ਵੜਿੰਗ ਨੇ ਦੱਸਿਆ ਕਿ ਦਿੱਲੀ ਧਰਨੇ ਦੌਰਾਨ ਹੋਈ ਪੇਟ ਦੀ ਤਕਲੀਫ ਤੋਂ ਬਾਅਦ ਸਾਥੀਆਂ ਦੇ ਜ਼ਿਆਦਾ ਕਹਿਣ 'ਤੇ ਉਹ ਕੁੱਝ ਦਿਨ ਪਹਿਲਾਂ ਕੋਟਕਪੂਰਾ ਵਾਪਸ ਆ ਗਿਆ। ਇਸ ਦੌਰਾਨ ਇਨਫੈਕਸ਼ਨ ਜ਼ਿਆਦਾ ਹੋਣ ਦੇ ਚਲਦਿਆਂ ਉਸਦਾ ਕੋਟਕਪੂਰਾ ਤੋਂ ਬਾਅਦ ਬਠਿੰਡਾ ਅਤੇ ਲੁਧਿਆਣਾ ਤੋਂ ਇਲਾਜ ਕਰਵਾਇਆ ਗਿਆ ਅਤੇ ਕੋਈ ਫਰਕ ਨਾ ਪੈਣ 'ਤੇ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ, ਪ੍ਰੰਤੂ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ ਲੰਘੀ ਰਾਤ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਮੋਰਚੇ ’ਚ ਸ਼ਾਮਲ ਪਿੰਡ ਢੱਡੇ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰ ਦੀ ਵਿੱਤੀ ਹਾਲਤ ਵੀ ਕਾਫੀ ਖਸਤਾ ਹੈ ਇਸ ਲਈ ਪੀੜਤ ਪਰਿਵਾਰ ਨੂੰ ਘਟੋਂ-ਘੱਟ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੌਰਾਨ ਸਰਦੂਲ ਸਿੰਘ ਕਾਸਮ ਭੱਟੀ ਜ਼ਿਲਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਨੇ ਇਸ ਨੌਜਵਾਨ ਦੀ ਮੌਤ ਲਈ ਕੇਂਦਰ ਦੀ ਮੋਦੀ ਸਰਕਾਰੀ ਨੂੰ ਦੋਸ਼ੀ ਠਹਿਰਾਇਆ। ਮ੍ਰਿਤਕ ਕਿਸਾਨ ਦੇ ਘਰ ਪੁੱਜੇ ਕਿਸਾਨ ਆਗੂਆਂ ਅਤੇ ਉੱਥੇ ਹਾਜਰ ਹੋਰ ਲੋਕਾਂ ਵੱਲੋਂ ਕੇਂਦਰ ਸਰਕਾਰ ਮੁਰਦਾਬਾਦ ਅਤੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਵੀ ਲਗਾਏ ਗਏ।

ਇਹ ਵੀ ਪੜ੍ਹੋ:   ਪਟਿਆਲਾ ਦੇ ਇਸ ਪਿੰਡ ’ਚ ਭਾਜਪਾ ਲੀਡਰਾਂ ਦੀ ਐਂਟਰੀ ਬੈਨ, ਲੱਗੇ ਪੱਕੇ ਬੋਰਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna