ਕਿਸਾਨ ਸੰਘਰਸ਼ ਕਮੇਟੀ ਨੇ ਪਲਟੂਨ ਬ੍ਰਿਜ ਖੋਲ੍ਹਣ ਦੇ ਵਿਰੋਧ ''ਚ ਲਾਇਆ ਧਰਨਾ

07/02/2017 7:14:37 AM

ਸੁਲਤਾਨਪੁਰ ਲੋਧੀ, (ਧੀਰ)- ਦਰਿਆ ਬਿਆਸ ਨਾਲ ਲੱਗਦੇ 16 ਪਿੰਡਾਂ ਨੂੰ ਪਲਟੂਨ ਬ੍ਰਿਜ ਖੋਲ੍ਹਣ ਆਏ ਅਧਿਕਾਰੀਆਂ ਨੂੰ ਉਸ ਸਮੇਂ ਪਿੰਡਾਂ ਦੇ ਕਿਸਾਨਾਂ ਤੇ ਕਿਸਾਨ ਸੰਘਰਸ਼ ਕਮੇਟੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿਸਾਨਾਂ ਨੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਕੁਲਦੀਪ ਸਿੰਘ ਸਾਂਗਰਾ, ਪਰਮਜੀਤ ਸਿੰਘ ਬਾਊਪੁਰ ਦੀ ਅਗਵਾਈ ਹੇਠ ਪੁਲ 'ਤੇ ਧਰਨਾ ਲਗਾ ਦਿੱਤਾ ਤੇ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। 
ਗੌਰਤਲਬ ਹੈ ਕਿ ਬੀਤੇ ਦਿਨੀਂ ਕਿਸਾਨ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਨੂੰ ਕੁਝ ਦਿਨ ਪੁਲ ਨੂੰ ਦੇਰੀ ਨਾਲ ਖੋਲ੍ਹਣ 'ਤੇ ਇਕ ਨਵੀਂ ਕਿਸ਼ਤੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਜਦ ਤਕ ਮੰਡ ਖੇਤਰ ਦੇ ਇਨ੍ਹਾਂ ਪਿੰਡਾਂ ਨੂੰ ਨਵੀਂ ਕਿਸ਼ਤੀ ਨਹੀਂ ਮਿਲ ਜਾਂਦੀ, ਤਦ ਤਕ ਪੁਲ ਨਾ ਖੋਲ੍ਹਿਆ ਜਾਵੇ, ਕਿਉਂਕਿ ਪੁਰਾਣੀ ਕਿਸ਼ਤੀ ਕਾਫੀ ਖਸਤਾਹਾਲ 'ਚ ਪੁੱਜ ਚੁੱਕੀ ਹੈ ਤੇ ਉਥੇ ਕਿਸੇ ਵੀ ਸਮੇਂ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਪ੍ਰੰਤੂ ਆਪਣੀ ਮਿੱਥੀ ਹੋਈ ਤਾਰੀਕ ਅਨੁਸਾਰ ਜਦੋਂ ਵਿਭਾਗ ਦੇ ਅਧਿਕਾਰੀ ਅੱਜ ਪਲਟੂਨ ਬ੍ਰਿਜ ਨੂੰ ਖੋਲ੍ਹਣ ਆਏ ਤਾਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਪੁਲ ਉੱਪਰ ਧਰਨਾ ਲਗਾ ਦਿੱਤਾ। 
ਇਸ ਮੌਕੇ ਗੱਲਬਾਤ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਸਾਂਗਰਾ, ਪਰਮਜੀਤ ਸਿੰਘ ਬਾਊਪੁਰ ਆਦਿ ਨੇ ਦੱਸਿਆ ਕਿ ਅਸੀਂ ਕਾਫੀ ਸਮਾਂ ਪਹਿਲਾਂ ਹੀ ਪ੍ਰਸ਼ਾਸਨ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਇਕ ਤਾਂ ਇਸ ਸਮੇਂ ਕਿਸਾਨ ਮੱਕੀ ਦੀ ਫਸਲ ਦੀ ਕਟਾਈ ਕਰ ਰਹੇ ਹਨ, ਕਿਉਂਕਿ ਮੀਂਹ ਕਾਰਨ ਇਸ ਵਾਰ ਫਸਲ ਦੀ ਕਟਾਈ ਨੂੰ ਦੇਰੀ ਹੋ ਗਈ ਹੈ ਤੇ ਜੋ ਕਿਸ਼ਤੀ ਹੈ ਉਹ ਠੀਕ ਨਹੀਂ ਹੈ। ਇਸ ਲਈ ਕਿਸ਼ਤੀ ਦੇ ਨਵੀਂ ਆਉਣ ਤੋਂ ਪਹਿਲਾਂ ਕਿਸਾਨ ਫਸਲ ਨੂੰ ਸਾਂਭ ਲੈਣਗੇ ਤੇ ਝੋਨਾ ਵੀ ਲਗਾ ਲੈਣਗੇ। ਉਨ੍ਹਾਂ ਦੱਸਿਆ ਇਸ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ, ਪਲਟੂਨ ਅਧਿਕਾਰੀ ਅੱਜ ਪੁਲ ਨੂੰ ਖੋਲ੍ਹਣ ਲਈ ਆ ਗਏ। ਉਨ੍ਹਾਂ ਕਿਹਾ ਕਿ ਜਦ ਤਕ ਪ੍ਰਸ਼ਾਸਨ ਨਵੀਂ ਕਿਸ਼ਤੀ ਨਹੀਂ ਮੁਹੱਈਆ ਕਰਵਾ ਦਿੰਦਾ, ਤਦ ਤਕ ਧਰਨਾ ਜਾਰੀ ਰਹੇਗਾ। ਧਰਨੇ ਦੀ ਖਬਰ ਸੁਣਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਮੌਕੇ 'ਤੇ ਜਾ ਪੁੱਜੇ ਤੇ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੁਲ ਕੁਝ ਦਿਨ ਦੇਰੀ ਨਾਲ ਖੋਲ੍ਹਿਆ ਜਾਵੇਗਾ ਤੇ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਨਵੀਂ ਲੱਕੜੀ ਦੀ ਕਿਸ਼ਤੀ ਵੀ ਮੁਹੱਈਆ ਕਰਵਾਈ ਜਾਵੇ। ਵਿਧਾਇਕ ਚੀਮਾ ਦੇ ਭਰੋਸੇ ਉਪਰੰਤ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ ਤੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਜੇ ਫਿਰ ਵੀ ਪ੍ਰਸ਼ਾਸਨ ਨੇ ਨਵੀਂ ਕਿਸ਼ਤੀ ਨਾ ਉਪਲੱਬਧ ਕਰਵਾਈ ਤਾਂ ਕਿਸੇ ਵੀ ਅਣਹੋਣੀ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸ ਮੌਕੇ ਕੁਲਦੀਪ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ ਪੱਸਣ, ਅਮਰੀਕ ਸਿੰਘ, ਮਨਜੀਤ ਸਿੰਘ, ਸਰਵਨ ਸਿੰਘ, ਸੁਖਚੈਨ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਸਾਂਗਰਾ, ਕਰਮਜੀਤ ਸਿੰਘ ਭੈਣੀ, ਦਲਬਾਗ ਸਿੰਘ ਰਾਮਪੁਰ ਗੋਰੇ, ਧਰਮ ਸਿੰਘ ਆਦਿ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।