ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

10/26/2017 1:15:14 PM

ਸੁਲਤਾਨਪੁਰ ਲੋਧੀ (ਸੋਢੀ)— ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਥਾਨਕ ਕਿਸਾਨਾਂ ਦੇ ਸਹਿਯੋਗ ਨਾਲ ਜ਼ਿਲਾ ਕਪੂਰਥਲਾ ਤੇ ਜਲੰਧਰ ਜ਼ਿਲੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਦੀ ਅਗਵਾਈ ਹੇਠ ਬੁੱਧਵਾਰ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਣਕ ਦੇ ਭਾਅ 'ਚ 110 ਰੁਪਏ ਕੁਇੰਟਲ 6.7 ਫੀਸਦੀ ਨਿਗੁਣਾ ਜਿਹਾ ਕੀਤਾ ਗਿਆ ਵਾਧਾ ਰੱਦ ਕਰਦੇ ਹੋਏ ਮੰਗ ਕੀਤੀ ਗਈ ਕਿ ਲਾਗਤ ਖਰਚਿਆਂ 'ਚ 50 ਫੀਸਦੀ ਮੁਨਾਫਾ ਜੋੜ ਕੇ 3075 ਰੁਪਏ ਪ੍ਰਤੀ ਕੁਇੰਟਲ ਰੇਟ ਕੀਤਾ ਜਾਵੇ।  ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਡੇ ਆਰਥਕ ਸੰਕਟ ਦੇ ਚੱਕਰਵਿਊ 'ਚ ਫਸ ਕੇ ਖੁਦਕੁਸ਼ੀਆਂ ਰਾਹੀਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਕਿਸਾਨੀ ਨੂੰ ਅੱਖੋਂ ਪਰੋਖੇ ਕਰਦਿਆਂ ਇਕ ਵਾਰ ਫਿਰ ਕਣਕ ਦੇ ਭਾਅ 'ਚ ਨਿਗੁਣਾ 110 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਕੇ ਆਪਣਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ, ਜਦੋਂ ਕਿ ਲੁਧਿਆਣਾ ਖੇਤੀ ਯੂਨੀਵਰਸਿਟੀ ਦੀ ਰਿਪੋਰਟ 'ਚ ਸਾਫ ਲਿਖਿਆ ਹੈ ਕਿ ਇਕ ਕੁਇੰਟਲ ਕਣਕ ਪੈਦਾ ਕਰਨ 'ਤੇ 2050 ਰੁਪਏ ਲਾਗਤ ਖਰਚਾ ਕਾਸ਼ਤਕਾਰ ਦਾ ਲੱਗਦਾ ਹੈ।
ਇਸ ਸਰਕਾਰੀ ਰਿਪੋਰਟ ਨੂੰ ਵੀ ਜੇ ਆਧਾਰ ਮੰਨ ਲਈਏ ਤਾਂ 415 ਰੁਪਏ ਲਾਗਤ ਖਰਚੇ ਤੋਂ ਕਿਸਾਨਾਂ ਨੂੰ ਘੱਟ ਮਿਲਣਗੇ ਤਾਂ ਕਿਸਾਨਾਂ 'ਤੇ ਕਰਜ਼ਾ ਚੜ੍ਹਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਪੰਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਕਿਸਾਨ ਖੇਤੀ ਲਾਗਤ ਦਾ ਘਾਟਾ ਕਿਵੇਂ ਪੂਰਾ ਕਰਨਗੇ। ਉਨ੍ਹਾਂ ਕਿਸਾਨ ਵਿਰੋਧੀ ਮੋਦੀ ਸਰਕਾਰ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਕਣਕ ਦਾ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਲਾਗਤ ਖਰਚਿਆਂ 'ਚ 50 ਫੀਸਦੀ ਮੁਨਾਫਾ ਜੋੜ ਕੇ 3075 ਰੁਪਏ ਕੀਤਾ ਜਾਵੇ ਤੇ ਖੇਤੀ ਵਸਤਾਂ ਨੂੰ ਜੀ. ਐੱਸ. ਟੀ. ਤੋਂ ਬਾਹਰ ਕੱਢਿਆ ਜਾਵੇ। ਟਰੈਕਟਰਾਂ 'ਤੇ ਕੇਂਦਰ ਟਰਾਂਸਪੋਰਟ ਮਹਿਕਮੇ ਵੱਲੋਂ ਲਾਇਆ ਗਿਆ 30 ਹਜ਼ਾਰ ਰੁਪਏ ਸਾਲਾਨਾ ਟੈਕਸ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਕਿਸਾਨਾਂ ਨੂੰ ਡੀਜ਼ਲ 'ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ।