ਸਾਵਧਾਨ! ਮੋਰੀ ਮੁਹੱਲੇ ''ਚੋਂ ਗੁਜ਼ਰਨਾ ਖਤਰੇ ਤੋਂ ਖਾਲੀ ਨਹੀਂ

02/04/2018 7:00:12 AM

ਸੁਲਤਾਨਪੁਰ ਲੋਧੀ, (ਧੀਰ)- ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ 'ਚ ਪਾਇਆ ਹੋਇਆ ਸੀਵਰੇਜ ਸ਼ਹਿਰ ਨਿਵਾਸੀਆਂ ਦੇ ਲਈ ਸਿਰਦਰਦ ਬਣਿਆ ਹੋਇਆ ਹੈ। ਬਗੈਰ ਬਰਸਾਤ ਤੋਂ ਹੀ ਸੜਕਾਂ ਤੇ ਫੈਲਿਆ ਹੋਇਆ ਸੀਵਰੇਜ ਜਿਥੇ ਹੁਣ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਦੀ ਪੋਲ ਖੋਲ੍ਹ ਰਿਹਾ ਹੈ ਉਥੇ ਅਕਾਲੀ ਦਲ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਪਵਿੱਤਰ ਸ਼ਹਿਰ ਦੇ ਮੋਰੀ ਮੁਹੱਲਾ ਦੀ ਹਾਲਤ ਵੀ ਕਿਸੇ ਤੋਂ ਕੋਈ ਲੁਕੀ ਨਹੀਂ ਹੈ। ਸੀਵਰੇਜ ਨੂੰ ਠੀਕ ਕਰਨ ਵਾਸਤੇ ਨਗਰ ਕੌਂਸਲ ਵਲੋਂ ਪੁੱਟਿਆ ਹੋਇਆ ਟੋਇਆ ਹਾਲੇ ਤਕ ਵੀ ਪਾਈਪ ਪਾਉਣ ਦੇ ਬਾਵਜੂਦ ਪੂਰਾ ਨਾ ਭਰਨ 'ਤੇ ਜਿਥੇ ਹਰੇਕ ਵਿਅਕਤੀ ਦੇ ਲਈ ਮੌਤ ਦਾ ਖੂਹ ਪ੍ਰਤੀਤ ਹੋ ਰਿਹਾ ਹੈ ਉਥੇ ਮੁਹੱਲਾ ਨਿਵਾਸੀ ਵੀ ਖਾਸੇ ਪਰੇਸ਼ਾਨ ਹਨ। ਬੀਤੇ 5 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਇਹ ਪੁੱਟਿਆ ਟੋਇਆ ਬਿਲਕੁੱਲ ਮੁਹੱਲੇ ਦੇ ਮੋੜ ਤੇ ਹੈ ਜਿਥੇ ਰੋਜ਼ਾਨਾ ਅਨੇਕਾਂ ਵਾਹਨ ਹੋ ਕੇ ਗੁਜ਼ਰਦੇ ਹਨ। ਸੀਵਰੇਜ ਦੀ ਸਮੱਸਿਆ ਤਾਂ ਕੀ ਠੀਕ ਹੋਣੀ ਸੀ, ਉਲਟਾ ਇਸ ਟੋਏ 'ਚ ਕਈ ਵਾਹਨ ਵੀ ਆਪਸ 'ਚ ਭਿੜ ਕੇ ਡਿੱਗ ਚੁੱਕੇ ਹਨ। ਕਿਸੇ ਵੀ ਸਮੇਂ ਇਸ ਟੋਏ ਕਾਰਨ ਅਸੁਖਦ ਘਟਨਾ ਵਾਪਰ ਸਕਦੀ ਹੈ। ਇਸ ਤੋਂ ਇਲਾਵਾ ਮੁਹੱਲੇ ਦੇ ਦੂਸਰੇ ਪਾਸੇ ਟੈਂਕੀ ਵਾਲੇ ਪਾਸੇ ਵੀ ਬਗੈਰ ਬਰਸਾਤ ਤੋਂ ਅਜਿਹੀ ਕਹਾਣੀ ਹੈ। ਐੱਸ. ਡੀ. ਮਾਡਲ ਸਕੂਲ ਰੇਲਵੇ ਰੋਡ 'ਤੇ ਵੀ ਬੀਤੇ 2 ਦਿਨਾਂ ਤੋਂ ਸੀਵਰੇਜ ਦੇ ਫੈਲੇ ਹੋਏ ਪਾਣੀ ਕਾਰਨ ਸਕੂਲ ਜਾਣ ਸਮੇਂ ਬੱਚਿਆਂ ਤੇ ਅਧਿਆਪਕਾਂ ਨੂੰ ਬਹੁਤ ਪਰੇਸ਼ਾਨੀ ਆਈ, ਚਾਹੇ ਦੁਪਹਿਰ ਬਾਅਦ ਰੇਲਵੇ ਰੋਡ 'ਤੇ ਸੀਵਰੇਜ ਦਾ ਖੜ੍ਹਾ ਪਾਣੀ ਚਲਾ ਗਿਆ ਪ੍ਰੰਤੂ ਸੀਵਰੇਜ ਦੀ ਬਰਬਾਦੀ ਹੋਣ ਦੀ ਕਹਾਣੀ ਦਸ ਗਿਆ। ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਰੋਜ਼ ਰੋਜ਼ ਦੀ ਪਰੇਸ਼ਾਨੀ ਤੋਂ ਪੱਕਾ ਗੰਦ ਕੱਢਿਆ ਜਾਵੇ।