ਮੋਹਾਲੀ ''ਚ ਕਿੰਨਰਾਂ ਨੇ ''ਕਿੰਨਰਾਂ'' ਖਿਲਾਫ ਖੋਲ੍ਹਿਆ ਮੋਰਚਾ

01/23/2019 4:43:49 PM

ਮੋਹਾਲੀ : ਸ਼ਹਿਰ 'ਚ ਨਕਲੀ ਕਿੰਨਰ ਬਣ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲਿਆਂ ਖਿਲਾਫ ਅਸਲੀ ਕਿੰਨਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਬੰਧੀ ਕਿੰਨਰ ਕਾਜਲ ਮੰਗਲ ਮੂਰਤੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸ਼ਹਿਰ 'ਚ ਕੁਝ ਲੋਕ ਜਾਣ-ਬੁੱਝ ਕੇ ਕਿੰਨਰਾਂ ਦੇ ਲਿਬਾਸ 'ਚ ਘੁੰਮ ਰਹੇ ਹਨ ਅਤੇ ਆਮ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ, ਜਿਸ ਕਾਰਨ ਅਸਲੀ ਕਿੰਨਰ ਬਦਨਾਮ ਹੋ ਰਹੇ ਹਨ। ਕਾਜਲ ਮੰਗਲ ਮੂਰਤੀ ਨੇ ਇਸ ਦੇ ਖਿਲਾਫ ਥਾਣਾ-7 ਅਤੇ ਫਿਰ ਥਾਣਾ-1 'ਚ ਸ਼ਿਕਾਇਤ ਵੀ ਕੀਤੀ ਹੈ ਤਾਂ ਜੋ ਅਜਿਹੇ ਨਕਲੀ ਕਿੰਨਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਦੱਸ ਦੇਈਏ ਕਿ ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ, ਜਦੋਂ ਰਾਤ ਦੇ ਸਮੇਂ ਕਈ ਲੋਕ ਕਿੰਨਰਾਂ ਦਾ ਭੇਸ ਬਣਾ ਕੇ ਏਅਰਪੋਰਟ ਰੋਡ 'ਤੇ ਲੋਕਾਂ ਤੋਂ ਪੈਸੇ ਲੁੱਟ ਰਹੇ ਸਨ। ਇਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ 'ਤੇ ਮਾਮਲਾ ਵੀ ਦਰਜ ਹੋਇਆ ਸੀ ਅਤੇ ਬਾਅਦ 'ਚ ਕਿੰਨਰਾਂ ਨੇ ਇਨ੍ਹਾਂ ਖਿਲਾਫ ਥਾਣੇ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਨਗਨ ਹਾਲਤ 'ਚ ਸੜਕਾਂ 'ਤੇ ਉਤਰ ਆਏ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਇੰਨੀ ਵੱਡੀ ਸਮੱਸਿਆ ਦਾ ਹੱਲ ਕਿਵੇਂ ਹੋਵੇਗਾ।

Babita

This news is Content Editor Babita