ਕਿੰਨਰਾਂ ਨੇ ਅਰਧ ਨਗਨ ਹੋ ਕੇ ਕੀਤਾ ਨਿਗਮ ਟੀਮ ਤੇ ਪੁਲਸ ਮੁਲਾਜ਼ਮਾਂ 'ਤੇ ਹਮਲਾ

10/10/2019 9:18:51 PM

ਪਟਿਆਲਾ,(ਜੋਸਨ): ਪੰਜਾਬ ਪੁਲਸ 'ਤੇ ਪਹਿਲਾਂ ਤਰਨਤਾਰਨ ਫਿਰ ਹਰਿਆਣਾ ਵਿਚ ਹੋਏ ਹਮਲੇ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਅੱਜ ਪਟਿਆਲਾ 'ਚ ਕਿੰਨਰਾਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਪੁਲਸ ਮੁਲਾਜ਼ਮ ਪਟਿਆਲਾ ਦੇ ਫੁਹਾਰਾ ਚੌਂਕ ਵਿਚ ਨਿਗਮ ਟੀਮ ਨਾਲ ਨਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਨ ਲਈ ਗਏ ਸਨ। ਜਿਸ ਦੌਰਾਨ ਕਿੰਨਰਾਂ ਦੇ ਇਕ ਗਰੁੱਪ ਨੇ ਨਗਰ ਨਿਗਮ ਦੀ ਟੀਮ ਤੇ ਉਨ੍ਹਾਂ ਦੇ ਨਾਲ ਤਾਇਨਾਤ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਘਟਨਾਕ੍ਰਮ ਲਗਭਗ 10-15 ਮਿੰਟ ਚਲਦਾ ਰਿਹਾ। ਇਸ ਮੌਕੇ ਕਿੰਨਰਾਂ ਨੂੰ ਜਿਸ ਨੇ ਵੀ ਛਡਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਉਸ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ।

ਇਸ ਸਬੰਧੀ ਖਬਰ ਲਿਖੇ ਜਾਣ ਤੱਕ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਨਗਰ ਨਿਗਮ ਦੀ ਲੈਂਡ ਬ੍ਰਾਂਚ ਟੀਮ ਸੁਪਰਡੰਟ ਦੀ ਅਗਵਾਈ ਹੇਠ ਫੁਹਾਰਾ ਚੌਂਕ ਸਥਿਤ ਮਠਿਆਈਆਂ ਦੀਆਂ ਦੁਕਾਨਾਂ ਤੇ ਆਸ-ਪਾਸ ਸਥਿਤ ਹੋਰ ਦੁਕਾਨਾਂ ਅੱਗੇ ਸੜਕਾਂ 'ਤੇ ਰੱਖਿਆ ਸਮਾਨ ਚੁਕਵਾ ਕੇ ਰਸਤਾ ਖੁੱਲ੍ਹਾ ਕਰਾਉਣ ਲਈ ਗਈ ਸੀ। ਇਸ ਦੌਰਾਨ ਇਹ ਟੀਮ ਜਦੋਂ ਉਥੇ ਸਥਿਤ ਇਕ ਪਰੋਂਠਿਆਂ ਦੀ ਦੁਕਾਨ ਅੱਗੋਂ ਸਮਾਨ ਚੁੱਕਣ ਲੱਗੀ ਤਾਂ ਇਹ ਘਟਨਾ ਵਾਪਰੀ। ਇਸ ਦੌਰਾਨ ਪਤਾ ਲੱਗਿਆ ਹੈ ਕਿ ਇਹ ਕਿੰਨਰਾਂ ਦਾ ਇਕ ਗਰੁੱਪ ਜੋ ਕਿ ਉਸ ਪਰੌਂਠਿਆਂ ਦੀ ਦੁਕਾਨ ਦੇ ਮਾਲਕ ਦੀ ਜਾਣ ਪਛਾਣ ਵਾਲਾ ਸੀ। ਜਦੋਂ ਨਿਗਮ ਟੀਮ ਨੇ ਇਸ ਦੁਕਾਨ ਅੱਗੇ ਸੜਕਾਂ 'ਤੇ ਪਿਆ ਸਮਾਨ ਚੁੱਕਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਨੇ ਤੁਰੰਤ ਨਿਗਮ ਟੀਮ ਅਤੇ ਇਸ ਟੀਮ ਨਾਲ ਤੈਨਾਤ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਇਨ੍ਹਾਂ ਕਿੰਨਰਾਂ ਨੇ ਪੁਲਸ ਮੁਲਾਜਮਾਂ ਤੇ ਉੱਥੇ ਪਈਆਂ ਬਾਲਟੀਆਂ ਅਤੇ ਟੇਬਲਾਂ ਸਮੇਤ ਹੋਰ ਜੋ ਵੀ ਹੱਥ ਵਿਚ ਆਇਆ ਨਾਲ ਹਮਲਾ ਕੀਤਾ। ਇਨ੍ਹਾਂ ਨੇ ਪੁਲਸ ਮੁਲਾਜਮ ਅਤੇ ਨਿਗਮ ਟੀਮ ਦੇ ਗਲ ਨੂੰ ਹੱਥ ਪਾਇਆ ਅਤੇ ਇਨ੍ਹਾਂ ਮੁਲਾਜਮਾਂ ਨੂੰ ਭਜਾ ਭਜਾ ਕੁੱਟਿਆ। ਜਿਸ ਦੌਰਾਨ ਕੁੱਝ ਕਿੰਨਰ ਅਰਧ ਨਗਨ ਹਾਲਾਤ 'ਚ ਦੇਖੇ ਗਏ।  ਇਸ ਸਬੰਧੀ ਥਾਣਾ ਸਿਵਲ ਐਸ.ਐਚ.ੳ ਰਾਹੁਲ ਕੌਸ਼ਲ ਦਾ ਕਹਿਣਾ ਹੈ ਕਿ ਨਿਗਮ ਮੁਲਾਜ਼ਮਾਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ ਉਹ ਇਸ ਮਾਮਲੇ 'ਤੇ ਕਾਰਵਾਈ ਕਰ ਰਹੇ ਹਨ। ਉੱਧਰ ਨਗਮ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਬੰਧਤ ਪੁਲਸ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜਿਨ੍ਹਾਂ ਕਿੰਨਰਾ ਨੇ ਹਮਲਾ ਕੀਤਾ ਹੈ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਲਈ ਲਿਖਿਆ ਜਾਵੇਗਾ।