ਕਿਲਾਰਾਏਪੁਰ ਦੀ ਖੇਡਾਂ ''ਚ ਬਾਬਿਆਂ ਨੇ ਪਿੱਛੇ ਛੱਡੇ ਨੌਜਵਾਨ, ਦੇਖ ਵਿਦੇਸ਼ੀ ਵੀ ਹੋਏ ਹੈਰਾਨ (ਤਸਵੀਰਾਂ)

02/07/2016 2:31:21 PM

ਡੇਹਲੋਂ (ਡਾ. ਪ੍ਰਦੀਪ ਸ਼ਰਮਾ)— ਕਿਲਾਰਾਏਪੁਰ ਦੀਆਂ ਪੇਂਡੂ ਓਲੰਪਿਕਸ ਖੇਡਾਂ ਦੇ ਸ਼ਨੀਵਾਰ ਤੀਸਰੇ ਦਿਨ ਹੋਏ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ''ਚ ਜਿਥੇ ਨੌਜਵਾਨਾਂ ਨੇ ਆਪਣੇ ਜੌਹਰ ਦਿਖਾਏ, ਉਥੇ ਬਜ਼ੁਰਗ ਬਾਬੇ ਵੀ ਨੌਜਵਾਨਾਂ ਤੋਂ ਘੱਟ ਨਹੀਂ ਰਹੇ। 70-75 ਸਾਲਾ ਬਜ਼ੁਰਗਾਂ ਨੇ 100 ਮੀਟਰ ਫਰਾਟਾ ਦੌੜ ''ਚ ਤੇਜ਼ ਦੌੜ ਲਗਾ ਕੇ ਨੌਜਵਾਨਾਂ ਨੂੰ ਵੀ ਸੋਚੀਂ ਪਾ ਦਿੱਤਾ। ਦਰਸ਼ਕ ਅਤੇ ਵਿਦੇਸ਼ਾਂ ਤੋਂ ਆਏ ਗੋਰੇ ਵੀ ਬਜ਼ੁਰਗਾਂ ਨੂੰ ਇੰਨੀ ਤੇਜ਼ ਦੌੜਦਿਆਂ ਦੇਖ ਕਾਫੀ ਹੈਰਾਨ ਹੋ ਗਏ। ਸ਼ਨੀਵਾਰ ਹੋਈਆਂ 70 ਸਾਲਾ ਬਜ਼ੁਰਗਾਂ ਦੀਆਂ ਦੌੜਾਂ ''ਚੋਂ ਅੰਮ੍ਰਿਤਸਰ ਦੇ ਅਜੀਤ ਸਿੰਘ ਨੇ ਬਾਕੀਆਂ ਨੂੰ ਪਿੱਛੇ ਛੱਡਿਆ। ਇਕ ਹੋਰ ਬਜ਼ੁਰਗ ਰਾਏ ਸਿੰਘ ਨੇ ਦੋ ਕੁਇੰਟਲ ਦੀ ਬੋਰੀ ਚੁੱਕੀ, ਜਿਥੇ ਇਕ ਬਾਬੇ ਨੇ ਡੰਡ ਕੱਢੇ, ਉਥੇ ਹੀ ਇਕ ਹੋਰ ਬਜ਼ੁਰਗ ਉਦੋਂ ਸਭ ਨੂੰ ਹੈਰਾਨ ਕਰ ਗਿਆ, ਜਦੋਂ ਇਕ ਲੜਕੇ ਨੇ ਲੜਕੀ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਅਤੇ ਹੱਥ ''ਚ ਤਿਰੰਗਾ ਫੜ ਹੱਥ ਛੱਡ ਕੇ ਮੋਟਰਸਾਈਕਲ ਚਲਾਇਆ ਤਾਂ ਬਜ਼ੁਰਗ ਨੇ ਵੀ ਅਪਣਾ ਮੋਟਰਸਾਈਕਲ ਚੁੱਕ ਲਿਆ ਅਤੇ ਕੇਸਰੀ ਝੰਡਾ ਹੱਥ ''ਚ ਫੜ ਹੱਥ ਛੱਡ ਕੇ ਮੋਟਰਸਾਈਕਲ ਚਲਾਉਣ ਲੱਗਾ।
ਬਜ਼ੁਰਗਾਂ ਦੇ ਇਸ ਲਾਜਵਾਬ ਪ੍ਰਦਰਸ਼ਨ ਨੇ ਲੋਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਹੋਰਨਾਂ ਵਿਅਕਤੀਤਵ ਕਰਤੱਬਾਂ ''ਚ ਗੁਰਮੀਤ ਸਿੰਘ ਭਾਮੀਆਂ ਨੇ ਦੰਦਾਂ ਨਾਲ ਪੌੜੀ ਚੁੱਕੀ, ਹਿਮਾਚਲ ਦੇ ਲਾਲ ਚੰਦ ਸ਼ਰਮਾ ਨੇ ਛਾਤੀ ''ਤੇ ਰੱਖ ਕੇ ਇੱਟਾਂ ਤੋੜੀਆਂ। 45 ਸਾਲਾ ਰਾਜਪਾਲ ਨੇ 120 ਕਿਲੋ ਦੀ ਬੈਂਚ ਪ੍ਰੈੱਸ ਲਾਈ। ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਆਏ ਗਿਰਦਾਵਲ ਸਿੰਘ ਨੇ 50 ਕਿਲੋ ਦਾ ਪੱਥਰ ਹਵਾ ''ਚ ਸੁੱਟ ਕੇ ਬਾਂਹ ''ਤੇ ਰੱਖਿਆ ਅਤੇ ਤਿੰਨ ਕੁਇੰਟਲ ਵਜ਼ਨ ਲੈ ਕੇ ਖੜ੍ਹਾ ਹੋ ਗਿਆ। ਉਸਨੇ ਕਿਹਾ ਕਿ ਉਹ ਖੇਡਾਂ ਦਾ ਨਾਂ ਸੁਣ ਕੇ ਹੀ ਇਥੇ ਪ੍ਰਦਰਸ਼ਨ ਲਈ ਆਇਆ ਹੈ।
ਬੱਧਨੀ ਕਲਾਂ ਦੇ ਹੈਂਡੀਕੈਪਡ ਗੁਰਮੇਲ ਸਿੰਘ ਨੇ ਬੋਤਲ ''ਤੇ ਖੜ੍ਹ ਕੇ ਸਭ ਨੂੰ ਹੈਰਾਨ ਕਰ ਦਿੱਤਾ। ਗੁਰਮੀਤ ਸਿੰਘ ਭਾਮੀਆਂ ਨੇ ਦੰਦਾਂ ਨਾਲ ਪੌੜੀ ਚੁੱਕੀ। ਨਵਾਂਸ਼ਹਿਰ ਮੁਕੰਦਪੁਰ ਦੇ ਪਰਗਣ ਸਿੰਘ ਨੇ ਦੰਦਾਂ ਨਾਲ ਹਲ ਅਤੇ ਸਾਈਕਲ ਨੂੰ ਚੁੱਕਿਆ। ਸਚਿਨ ਨੇ ਇਕ ਕੁਇੰਟਲ ਦੀ ਡੈੱਡ ਲਿਫਟ ਲਾਈ। ਮੋਗਾ ਦੇ ਸਵਿੰਦਰ ਸਿੰਘ ਨੇ ਵਾਲਾਂ ਨਾਲ ਕਾਰ ਖਿੱਚੀ। ਸੁਖਦਰਸ਼ਨ ਸਿੰਘ ਨਿੱਕਾ ਬਰਾੜ ਨੇ ਪਾਵਰ ਪੈਰਾਗਲਾਈਡਿੰਗ ਸ਼ੋ ਕੀਤਾ। ਪਟਿਆਲਾ ਤੋਂ ਕੋਚ ਸਤਵਿੰਦਰ ਸਿੰਘ ਦੀ ਅਗਵਾਈ ''ਚ ਆਏ ਬੱਚਿਆਂ ਨੇ ਮਾਰਸ਼ਲ ਆਰਟ ਦੇ ਜੌਹਰ ਦਿਖਾਏ। ਇਸ ਤੋਂ ਇਲਾਵਾ ਹੋਰ ਵੀ ਕਰਤੱਬ ਖਿੱਚ ਦਾ ਕੇਂਦਰ ਰਹੇ।

Gurminder Singh

This news is Content Editor Gurminder Singh