ਪੀ. ਜੀ. ਆਈ. ’ਚ ਪਹਿਲੀ ਵਾਰ ਰੋਬੋਟ ਦੀ ਮਦਦ ਨਾਲ ਕਿਡਨੀ ਟਰਾਂਸਪਲਾਂਟ

04/22/2023 12:18:07 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਕਾਫ਼ੀ ਸਾਲਾਂ ਤੋਂ ਰੋਬੋਟ ਰਾਹੀਂ ਸਰਜਰੀ ਕਰ ਰਿਹਾ ਹੈ ਪਰ ਰੋਬੋਟ ਦੀ ਮਦਦ ਨਾਲ ਯੂਰੋਲਾਜੀ ਡਿਪਾਰਟਮੈਂਟ ਵਿਚ ਪਹਿਲੀ ਵਾਰ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਹੈ। ਯੂਰੋਲਾਜੀ ਡਿਪਾਰਟਮੈਂਟ ਦੇ ਹੈੱਡ ਡਾ. ਉੱਤਮ ਮੇਟੇ ਦੀ ਮੰਨੀਏ ਤਾਂ ਓਪਨ ਸਰਜਰੀ ਦੇ ਮੁਕਾਬਲੇ ਰੋਬੋਟ ਰਾਹੀਂ ਸਰਜਰੀ ਵਿਚ ਹੋਣ ਵਾਲੀਆਂ ਮੁਸ਼ਕਲਾਂ ਘੱਟ ਹੋ ਜਾਂਦੀਆਂ ਹਨ। ਇਹ ਜ਼ਿਆਦਾ ਸੇਫ਼ ਪ੍ਰੋਸੈੱਸ ਹੈ, ਖਾਸ ਕਰ ਕੇ ਓਵਰਵੇਟ ਲੋਕਾਂ ਲਈ। ਓਪਨ ਸਰਜਰੀ ਵਿਚ ਫੈਟ ਜ਼ਿਆਦਾ ਹੋਣ ਕਾਰਨ ਜ਼ਿਆਦਾ ਅੰਦਰ ਤਕ ਪੁੱਜਣ ਲਈ ਕੱਟ ਲਾਉਣਾ ਪੈਂਦਾ ਹੈ, ਜਿਸ ਦੀ ਰਿਕਵਰੀ ਬਹੁਤ ਹੌਲੀ ਹੁੰਦੀ ਹੈ। ਨਾਲ ਹੀ ਦੂਜੀ ਰਿਕਵਰੀ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਵਿਭਾਗ ਰੈਗੂਲਰ ਲੈਵਲ ’ਤੇ 2015 ਤੋਂ ਰੋਬੋਟਿਕ ਸਰਜਰੀ ਕਰ ਰਿਹਾ ਹੈ ਪਰ ਰੋਬੋਟਿਕ ਸਰਜਰੀ ਅਤੇ ਰੋਬੋਟਿਕ ਕਿਡਨੀ ਟਰਾਂਸਪਲਾਂਟ ਵਰਗੀ ਸਰਜਰੀ ਲਈ ਮਾਹਰਾਂ ਦੀ ਜ਼ਰੂਰਤ ਪੈਂਦੀ ਹੈ। ਇਹ ਸਰਜਰੀ ਟਰਾਂਸਪਲਾਂਟ ਸਰਜਨਾਂ ਨੇ ਕੀਤੀ ਹੈ, ਜੋ ਕਾਫ਼ੀ ਸਮੇਂ ਤੋਂ ਅਸੀਂ ਕੋਸ਼ਿਸ਼ ਕਰਨ ਦੀ ਸੋਚ ਰਹੇ ਸੀ।

ਇਹ ਵੀ ਪੜ੍ਹੋ : ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਨਿਗਲਿਆ ਜ਼ਹਿਰ

ਭੈਣ ਨੇ ਭਰਾ, ਜਦਕਿ ਪਿਤਾ ਨੇ ਬੇਟੇ ਨੂੰ ਦਿੱਤੀ ਕਿਡਨੀ
ਰੋਬੋਟ ਰਾਹੀਂ ਦੋ ਮਰੀਜ਼ਾਂ ਦੀ ਕਿਡਨੀ ਟਰਾਂਸਪਲਾਂਟ ਹੋਈ। ਇਕ ਕੇਸ ਵਿਚ ਪਿਤਾ ਨੇ ਬੇਟੇ ਜਦੋਂ ਕਿ ਦੂਜੇ ਵਿਚ ਭੈਣ ਨੇ ਭਰਾ ਨੂੰ ਕਿਡਨੀ ਡੋਨੇਟ ਕੀਤੀ ਹੈ। ਡਾ. ਉਤਮ ਮੁਤਾਬਿਕ ਦੋਵੇਂ ਮਰੀਜ਼ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਹਨ। ਓਪਨ ਰੀਨਲ ਟਰਾਂਸਪਲਾਂਟੇਸ਼ਨ ਸ਼ੁਰੂ ਹੋਣ ਦੇ ਲਗਭਗ 6 ਹਫ਼ਤਿਆਂ ਬਾਅਦ ਵਿਭਾਗ ਵਿਚ ਰੋਬੋਟ ਦੀ ਸਹਾਇਤਾ ਨਾਲ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਹੈ। ਯੂਰੋਲਾਜੀ ਵਿਭਾਗ ਦੇ ਅਸਿਸਟੈਂਟ ਪ੍ਰੋ. ਡਾ. ਸ਼ੈਂਕੀ ਸਿੰਘ ਨੇ ਕਿਹਾ ਕਿ ਰੋਬੋਟਿਕ ਟਰਾਂਸਪਲਾਂਟ ਦੇ ਦੋਵੇਂ ਰਿਸੀਪੀਅੈਂਟ ਰਿਕਵਰ ਕਰ ਰਹੇ ਹਨ। ਮਸ਼ਹੂਰ ਰੋਬੋਟਿਕ ਰੀਨਲ ਟਰਾਂਸਪਲਾਂਟ ਸਰਜਨ ਡਾ. ਰਾਜੇਸ਼ ਅਹਿਲਾਵਤ ਅਤੇ ਮੇਦਾਂਤਾ, ਮੈਡੀਸਿਟੀ ਦੇ ਉਨ੍ਹਾਂ ਦੇ ਸਾਥੀ ਡਾ. ਸੁਦੀਪ ਬੋਦੁਲੁਰੀ ਨੇ ਵਿਭਾਗ ਨੂੰ ਰੋਬੋਟਿਕ ਰੀਨਲ ਟਰਾਂਸਪਲਾਂਟੇਸ਼ਨ ਸ਼ੁਰੂ ਕਰਨ ਵਿਚ ਮਦਦ ਕੀਤੀ ਸੀ। ਰੋਬੋਟਿਕ ਸਰਜਰੀ ਘੱਟੋ-ਘੱਟ ਇਨਵੇਸਿਵ ਸਰਜਰੀ ਦਾ ਨਵਾਂ ਰੂਪ ਹੈ ਅਤੇ ਸਰੀਰ ਵਿਚ ਪਾਏ ਗਏ ਵਿਸ਼ੇਸ਼ ਕੈਮਰੇ ਰਾਹੀਂ ਆਪ੍ਰੇਟਿਵ ਖੇਤਰ ਦਾ ਇਕ 3ਡੀ ਵਿਊ ਮਿਲਦਾ ਹੈ। ਸਰੀਰ ਦੇ ਜਿਹੜੇ ਹਿੱਸਿਆਂ ਤਕ ਮਨੁੱਖੀ ਹੱਥ ਨਾਲ ਪੁੱਜਣਾ ਮੁਸ਼ਕਿਲ ਹੁੰਦਾ ਹੈ, ਉੱਥੇ ਮਾਈਕ੍ਰੋ ਰੋਬੋਟ ਅਸਿਸਟਡ ਆਰਮਜ਼ ਦੀ ਸਹਾਇਤਾ ਨਾਲ ਪਹੁੰਚਿਆ ਜਾ ਸਕਦਾ ਹੈ, ਜੋ 360 ਡਿਗਰੀ ਤਕ ਘੁੰਮ ਸਕਦੇ ਹਨ। ਇਸ ਸਰਜਰੀ ਵਿਚ ਖੂਨ ਵੀ ਬੇਹੱਦ ਘੱਟ ਨਿਕਲਦਾ ਹੈ ਅਤੇ ਨਿਸ਼ਾਨ ਵੀ ਘੱਟ ਹੁੰਦੇ ਹਨ। ਉਥੇ ਹੀ ਮਰੀਜ਼ ਦੀ ਰਿਕਵਰੀ ਵੀ ਕਾਫ਼ੀ ਤੇਜ਼ੀ ਨਾਲ ਹੁੰਦੀ ਹੈ।

ਇਹ ਵੀ ਪੜ੍ਹੋ : ਛੱਤ ’ਤੇ ਖੇਡਦੇ ਹੋਏ ਬੱਚੀ ਨਾਲ ਵਾਪਰਿਆ ਦਰਦਨਾਕ ਹਾਦਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha