ਹਸਪਤਾਲ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਮਹਿਲਾ ਨੇ ਜਨਾਨਾ ਵਾਰਡ ''ਚੋਂ ਕੀਤਾ ਬੱਚਾ ਅਗਵਾ

09/24/2017 3:32:35 AM

ਖੰਨਾ(ਸੁਨੀਲ)—ਖੰਨਾ ਸ਼ਹਿਰ ਦਾ ਸਿਵਲ ਹਸਪਤਾਲ ਦੀ ਹਮੇਸ਼ਾ ਹੀ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਕਿਸੇ ਨਾ ਕਿਸੇ ਚਰਚਾ 'ਚ ਹੀ ਰਹਿੰਦਾ ਹੈ। ਇਸੇ ਲੜੀ 'ਚ ਇਕ ਹੋਰ ਮੁੱਦਾ ਜੁੜਦੇ ਹੋਏ ਅੱਜ ਹਸਪਤਾਲ ਦੇ ਜਨਾਨਾ ਵਾਰਡ 'ਚੋਂ ਇਕ 16 ਦਿਨ ਦਾ ਨਵਜੰਮਿਆਂ ਬੱਚਾ ਕਿਸੇ ਅਣਪਛਾਤੀ ਮਹਿਲਾ ਵਲੋਂ ਅਗਵਾ ਕਰ ਲਿਆ ਗਿਆ। ਇਸ ਸਬੰਧੀ ਬੱਚੇ ਦੀ ਮਾਂ ਸਰਿਤਾ (23) ਪਤਨੀ ਜਗਜੀਵਨ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਬੀਤੀ 7 ਸਤੰਬਰ ਨੂੰ ਉਸਦੇ ਘਰ ਵਿਖੇ ਹੀ ਬੱਚੇ ਦੀ ਡਲਿਵਰੀ ਹੋਈ ਸੀ ਤੇ ਬੱਚੇ ਦੇ ਨਾ ਰੋਣ ਕਾਰਨ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ Àੇਸਦੀ ਹਾਲਤ ਵੇਖਦੇ ਹੋਏ ਉਸਨੂੰ ਇਲਾਜ ਦੇ ਲਈ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਚੰਡੀਗੜ੍ਹ ਤੋਂ ਉਸਦੀ ਹਾਲਤ 'ਚ ਸੁਧਾਰ ਤੋਂ ਬਾਅਦ ਜਦੋਂ ਉਹ ਬੱਚੇ ਨੂੰ ਇਲਾਜ ਦੇ ਲਈ ਖੰਨਾ ਦੇ ਸਿਵਲ ਹਸਪਤਾਲ ਲਈ ਰੈਫਰ ਕਰਵਾ ਕੇ ਲੈ ਆਏ, 17 ਸਤੰਬਰ ਨੂੰ ਉਸਦੀ ਹਾਲਤ ਦੁਬਾਰਾ ਖਰਾਬ ਹੋਣ ਕਾਰਨ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਸਰਿਤਾ ਨੇ ਦੱਸਿਆ ਕਿ ਅੱਜ ਸਮਾਂ ਕਰੀਬ 12 ਵਜੇ ਉਹ ਜਨਾਨਾ ਵਾਰਡ 'ਚ ਬੈੱਡ ਨੰ. 22 'ਤੇ ਆਪਣੇ ਬੱਚੇ ਦੇ ਨਾਲ ਪਈ ਸੀ ਤਾਂ ਇਕ ਮਹਿਲਾ ਉਸਦੇ ਕੋਲ ਆਈ ਤੇ ਬੱਚੇ ਦੇ ਕੁਝ ਟੈਸਟ ਕਰਨ ਦੇ ਲਈ ਬੱਚੇ ਨੂੰ ਲਿਜਾਣ ਲਈ ਕਹਿਣ ਲੱਗੀ। ਉਸ ਵਲੋਂ ਜਦੋਂ ਪਹਿਲਾਂ ਤਾਂ ਮਨ੍ਹਾ ਕਰ ਦਿੱਤਾ ਗਿਆ,  ਮਗਰੋਂ ਜਦੋਂ ਉਸ ਮਹਿਲਾ ਨੇ ਦੁਬਾਰਾ ਕਿਹਾ ਕਿ ਉਸਨੂੰ ਡਾਕਟਰ ਸਾਹਿਬ ਨੇ ਭੇਜਿਆ ਹੈ ਤੇ ਬੱਚੇ ਦੀ ਹਾਲਤ ਖਰਾਬ ਹੈ, ਇਸ ਲਈ ਉਸਦੇ ਟੈਸਟ ਕਰਨੇ ਹਨ। ਸਰਿਤਾ ਨੇ ਆਪਣੇ ਪਤੀ ਨੂੰ ਫੋਨ 'ਤੇ ਪੁਛਣ ਦੇ ਮਗਰੋਂ ਬੱਚੇ ਨੂੰ ਉਸ ਮਹਿਲਾ ਨੂੰ ਦੇ ਦਿੱਤਾ। ਜਦੋਂ ਕਾਫੀ ਦੇਰ ਬਾਅਦ ਉਕਤ ਮਹਿਲਾ ਉਸਦੇ ਬੱਚੇ ਨੂੰ ਵਾਪਸ ਨਾ ਲੈ ਕੇ ਆਈ ਤਾਂ ਉਸ ਵਲੋਂ ਜਦੋਂ ਬੱਚੇ ਬਾਰੇ ਹਸਪਤਾਲ ਦੇ ਬਾਕੀ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਵੀ ਮਹਿਲਾ ਨੂੰ ਬੱਚੇ ਨੂੰ ਲੈਣ ਲਈ ਨਹੀਂ ਭੇਜਿਆ ਗਿਆ। ਇਸ ਘਟਨਾ ਦੇ ਨਾਲ ਹਸਪਤਾਲ 'ਚ ਹੜਕੰਪ ਮਚ ਗਿਆ ਤੇ ਇਸ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਦੇ ਨਾਲ-ਨਾਲ ਪੁਲਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀਆਂ 'ਚ ਐੱਸ. ਪੀ. ਰਵਿੰਦਰਪਾਲ ਸਿੰਘ, ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਰਣਜੀਤ ਸਿੰਘ, ਥਾਣਾ ਸਿਟੀ ਰਜਨੀਸ਼ ਸੂਦ ਆਦਿ ਨੇ ਹਸਪਤਾਲ 'ਚ ਮੌਕਾ ਮੁਆਇਨਾ ਕਰਦੇ ਹੋਏ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ। ਹਸਪਤਾਲ 'ਚ ਮੌਜੂਦ ਇਕ ਮਹਿਲਾ ਦੇ ਮੁਤਾਬਿਕ ਉਕਤ ਮਹਿਲਾ ਦੀ ਉਮਰ ਕਰੀਬ 40 ਤੋਂ 45 ਸਾਲ ਦੇ ਕਰੀਬ ਲੱਗ ਰਹੀ ਸੀ ਤੇ ਉਸਦੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਹਸਪਤਾਲ ਦੇ ਨਾਲ ਲੱਗਦੇ ਬਾਜ਼ਾਰਾਂ 'ਚ ਲੱਗੇ ਸੀ. ਸੀ. ਟੀ. ਵੀ. ਦੇ ਕੈਮਰਿਆਂ ਦੀ ਫੁਟੇਜ ਖੰਗਾਲਦੇ ਹੋਏ ਇਕ ਅਣਪਛਾਤੀ ਮਹਿਲਾ ਦੇ ਖਿਲਾਫ ਬੱਚਾ ਅਗਵਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।