ਖਸਤਾਹਾਲ ਰੋਡ ਕਾਰਨ ਨਿੱਤ ਵਾਪਰ ਰਹੇ ਹਾਦਸੇ

08/13/2018 2:16:11 AM

 ਗੁਰੂ ਕਾ ਬਾਗ,   (ਭੱਟੀ)-  ਅੰਮ੍ਰਿਤਸਰ ਤੋਂ ਫਤਿਹਗਡ਼੍ਹ ਚੂਡ਼ੀਆਂ ਵਾਇਆ ਸੰਗਤਪੁਰਾ ਰੋਡ ਦੀ ਹਾਲਤ ਇੰਨੀ ਤਰਸਯੋਗ ਬਣੀ ਹੋਈ ਹੈ ਕਿ ਥਾਂ-ਥਾਂ ਪਏ ਟੋਇਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਕਈ ਵਾਰ ਇਲਾਕੇ ਦੇ ਲੋਕਾਂ ਵੱਲੋਂ ਇਸ ਸਡ਼ਕ ਨੂੰ ਬਣਵਾਉਣ ਲਈ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਵੀ ਕੀਤੇ ਗਏ ਪਰ ਅਜੇ ਤੱਕ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਬੀਤੀ ਰਾਤ ਇਸੇ ਹੀ ਰੋਡ ’ਤੇ ਪਿੰਡ ਸੋਹੀਆਂ ਨੇਡ਼ੇ ਪਏ ਵੱਡੇ-ਵੱਡੇ ਟੋਇਆਂ ਕਾਰਨ ਇਕ ਆਈ-20 ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਜਾਣਕਾਰੀ ਅਨੁਸਾਰ ਇੰਦਰਦੀਪ ਸਿੰਘ ਡਰੀਮ ਸਿਟੀ ਮਾਨਾਂਵਾਲਾ ਦਾ ਡਰਾਈਵਰ ਸ਼ੇਰਾ ਵਾਸੀ ਪਿੰਡ ਝੀਤਾ ਕਲਾਂ ਕਿਸੇ ਨਿੱਜੀ ਕੰਮ ਲਈ ਆਈ-20 ਕਾਰ ਨੰ. ਪੀ ਬੀ 02 ਸੀ ਪੀ 4298 ’ਚ ਪਿੰਡ ਮੱਜੂਪੁਰਾ ਵੱਲ ਜਾ ਰਿਹਾ ਸੀ ਕਿ ਪਿੰਡ ਸੋਹੀਆਂ ਨੇਡ਼ੇ ਕਾਰ ਟੋਇਆਂ ’ਚ ਵੱਜ ਗਈ ਤੇ ਉਸ ਦਾ ਸੰਤੁਲਨ ਵਿਗਡ਼ ਗਿਆ, ਜਿਸ ਕਾਰਨ ਕਾਰ ਬਿਜਲੀ ਦੇ ਖੰਭੇ ’ਚ ਵੱਜਣ ਤੋਂ ਬਾਅਦ ਨੇਡ਼ੇ ਦੇ ਖੇਤਾਂ ’ਚ ਜਾ ਵਡ਼ੀ, ਸਿੱਟੇ ਵਜੋਂ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਅੰਮ੍ਰਿਤਸਰ ਹਸਪਤਾਲ ਵਿਖੇ ਦਾਖਲ ਕਰਵਾਇਆ।