ਹਰ ਵਿਅਕਤੀ ਦੇ ਜੀਵਨ ’ਚ ਸਿੱਖਿਆ ਹੀ ਸਫ਼ਲਤਾ ਦੀ ਚਾਬੀ : ਰਾਜੀਵ ਕੁਮਾਰ

04/16/2019 4:41:57 AM

ਖੰਨਾ (ਸੁਖਵਿੰਦਰ ਕੌਰ)-ਸਥਾਨਕ ਆਦਿ ਧਰਮ ਸਮਾਜ ਪਰਿਵਾਰ ਵਲੋਂ ਵਾਲਮੀਕਿ ਭਾਈਚਾਰੇ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੇ ਸਬੰਧ ’ਚ ਰਿੰਕੂ ਸਹੋਤਾ ਤੇ ਕੇਤਨ ਸਹੋਤਾ ਦੀ ਅਗਵਾਈ ’ਚ ਪ੍ਰਭਾਤ ਫੇਰੀ ਕੱਢੀ ਗਈ। ਮੁਹੱਲਾ ਵਾਸੀਆਂ ਅਤੇ ਬੱਚਿਆਂ ਵਲੋਂ ਵੱਖ-ਵੱਖ ਮੁਹੱਲਿਆਂ ਵਿਚ ਡਾ. ਅੰਬੇਡਕਰ ਜੀ ਦੀ ਗੀਤ ਅਤੇ ਭਜਨਾਂ ਰਾਹੀਂ ਮਹਿਮਾ ਗਾ ਕੇ ਪ੍ਰਭਾਤ ਫੇਰੀ ਕੱਢੀ ਗਈ। ਸਥਾਨਕ ਪੀਰਖਾਨਾ ਚੌਕ ਲਾਗੇ ਪੁੱਜਣ ’ਤੇ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਸਰਕਲ ਖੰਨਾ ਦੇ ਪ੍ਰਧਾਨ ਰਾਜੀਵ ਕੁਮਾਰ ਨੇ ਮਹੁੱਲਾ ਵਾਸੀਆਂ ਨੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੀ ਤਰੱਕੀ ਲਈ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਿੱਖਿਆ ਹੀ ਹਰੇਕ ਵਿਅਕਤੀ ਦੇ ਜੀਵਨ ’ਚ ਸਫ਼ਲਤਾ ਦੀ ਚਾਬੀ ਹੈ। ਇਸ ਮੌਕੇ ਮੈਡਮ ਮਿੰਨੀ ਖੰਨਾ ਵਲੋਂ ਪ੍ਰਭਾਤ ਫੇਰੀ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਰਾਮ ਸਿੰਘ ਬਾਲੂ, ਸੋਹਣ ਲਾਲ, ਬਾਬੂ ਸੋਮ ਨਾਥ, ਬਾਬੂ ਜਗਦੀਸ਼, ਬਲਰਾਮ ਬਾਲੂ, ਤਾਹੀਰ, ਅਜੈ, ਵਿਸ਼ਾਲ, ਬੋਬੀ, ਮੰਗਤ ਰਾਮ, ਟੋਨੀ, ਸੰਨੀ, ਰਣਜੀਤ ਅਤੇ ਸੰਜੇ ਚੌਹਾਨ ਸਮੇਤ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਹਾਜ਼ਰ ਸਨ।