ਨਾਮਧਾਰੀ ਸੰਗਤ ਨੇ ਕੂੜੇ ’ਤੇ ਕੀਤੀ ਸਰਜੀਕਲ ਸਟਰਾਈਕ

03/17/2019 4:07:44 AM

ਖੰਨਾ (ਜ. ਬ.)-ਪੁਲਵਾਮਾ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ’ਤੇ ਸਰਜੀਕਲ ਸਟਰਾਈਕ ਕਰ ਕੇ ਤਹਿਲਕਾ ਮਚਾ ਦਿੱਤਾ ਸੀ, ਨਾਮਧਾਰੀ ਵਿੱਦਿਅਕ ਜੱਥੇ ਦੇ ਸੈਂਕੜੇ ਨੌਜਵਾਨਾਂ ਨੇ ਅੱਜ ਤੜਕੇ 4 ਵਜੇ ਕਿਤਾਬ ਬਾਜ਼ਾਰ, ਚੌੜਾ ਬਾਜ਼ਾਰ ਤੇ ਲਾਲ ਮਾਰਕੀਟ ਵਿਖੇ ਕੂੜੇ ’ਤੇ ਸਰਜੀਕਲ ਸਟਰਾਈਕ ਕੀਤੀ। ਨੌਜਵਾਨਾਂ ਦੇ ਹੱਥਾਂ ’ਚ ਝਾੜੂ, ਕਹੀਆਂ, ਟੋਕਰੀਆਂ ਤੋਂ ਇਲਾਵਾ 2 ਜੇ. ਸੀ. ਬੀ. ਮਸ਼ੀਨਾਂ ਤੇ ਟਰੈਕਟਰ-ਟਰਾਲੀਆਂ ਨਾਲ ਸਨ, ਮਾਰਕੀਟ ਖੁੱਲ੍ਹਣ ਤੋਂ ਪਹਿਲਾਂ 2 ਨਾਮਧਾਰੀ ਸੰਗਤਾਂ ਨੇ ਟਨਾਂ ਦੇ ਹਿਸਾਬ ਨਾਲ ਇਕੱਠਾ ਕੀਤਾ ਕੂੜਾ ਟਰਾਲੀਆਂ ਰਾਹੀਂ ਬਾਹਰ ਪਹੁੰਚਾ ਦਿੱਤਾ ਤੇ ਗਿੱਲਾ ਕੂੜਾ ਟੋਆ ਪੁੱਟ ਕੇ ਦੱਬ ਦਿੱਤਾ। ਨੌਜਵਾਨਾਂ ’ਚ ਕਾਫੀ ਉਤਸ਼ਾਹ ਸੀ। ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਸਵੇਰੇ 7 ਵਜੇ ਪੁੱਜੇ ਤੇ ਤਕਰੀਬਨ 2 ਘੰਟੇ ਉਥੇ ਰੁਕੇ ਰਹੇ। ਮਾਰਕੀਟ ਕਮੇਟੀਆਂ ਦੇ ਅਹੁਦੇਦਾਰਾਂ ਨੇ ਜਿਥੇ ਸਤਿਗੁਰੂ ਜੀ ਦਾ ਸਵਾਗਤ ਕੀਤਾ, ਉਥੇ ਨਾਮਧਾਰੀ ਸੰਗਤ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਸਤਿਗੁਰੂ ਉਦੇ ਸਿੰਘ ਨੇ ਪਬਲਿਕ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਦੀ ਅਪੀਲ ਕੀਤੀ ਤੇ ਉਨ੍ਹਾਂ ਆਖਿਆ ਜੇ ਇਨਸਾਨ ਬੀਮਾਰ ਹੋਵੇ ਤਾਂ ਉਸਦਾ ਨਾਮ ਸਿਮਰਨ ’ਚ ਵੀ ਮਨ ਨਹੀਂ ਲੱਗਦਾ। ਬੀਮਾਰੀਆਂ ਤੋਂ ਬਚਣ ਲਈ ਚੌਗਿਰਦੇ ਦੀ ਸਫਾਈ ਜ਼ਰੂਰੀ ਹੈ। ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ ਤੇ ਸੂਬਾ ਹਰਭਜਨ ਸਿੰਘ ਨੇ ਦੱਸਿਆ ਕਿ 17 ਮਾਰਚ ਨੂੰ ਸਵੇਰੇ 7 ਵਜੇ ਫੀਲਡਗੰਜ਼ ਇਲਾਕੇ ਦੀ ਸਫਾਈ ਕੀਤੀ ਜਾਵੇਗੀ। ਇਸ ਮੌਕੇ ਗੁਰਮੁਖ ਸਿੰਘ ਰਹਿਬਰ, ਗਿਆਨੀ ਜੁਗਿੰਦਰ ਸਿੰਘ, ਸੁਖਵਿੰਦਰ ਸਿੰਘ ਨਾਮਧਾਰੀ, ਹੁਕਮ ਸਿੰਘ, ਬਲਵੀਰ ਸਿੰਘ, ਅਮਰਜੀਤ ਭੁਰਜੀ, ਸੇਵਕ ਕੇਸਰ ਸਿੰਘ ਲਾਡੀ, ਜੱਗੀ ਸਿਬੀਆ, ਨਿਰਮਲ ਸਿੰਘ, ਪੰਚ ਗੁਰਪ੍ਰੀਤ ਗੋਪੀ, ਕਾਕਾ ਨਾਮਧਾਰੀ, ਮੋਨੂੰ, ਪਿਆਰਾ ਸਿੰਘ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਵੀ ਮੌਜੂਦ ਸਨ।