ਟਰੈਕਟਰ ਪਰੇਡ ਤੋਂ ਬਾਅਦ ਖੰਨਾ ਦਾ ਕਿਸਾਨ ''ਜ਼ੋਰਾਵਰ ਸਿੰਘ'' ਦਿੱਲੀ ’ਚ ਲਾਪਤਾ

02/11/2021 1:26:38 AM

ਖੰਨਾ, (ਜ.ਬ.)- ਪਿੰਡ ਇਕੋਲਾਹਾ ਦਾ ਰਹਿਣ ਵਾਲਾ 75 ਸਾਲ ਦਾ ਜ਼ੋਰਾਵਰ ਸਿੰਘ ਵੀ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਲਾਪਤਾ ਹੈ। ਇਹ ਬਜ਼ੁਰਗ ਕਿਸਾਨਾਂ ਦੇ ਹਿੱਤ ’ਚ ਦਿੱਲੀ ਵਿਚ ਮੋਰਚਾ ਸੰਭਾਲੀ ਬੈਠਾ ਸੀ। ਕਿਸਾਨ ਦੀ ਧੀ ਪਿਤਾ ਦੀ ਤਲਾਸ਼ ’ਚ ਦਰ-ਦਰ ਭਟਕ ਰਹੀ ਹੈ ।

ਜ਼ੋਰਾਵਰ ਸਿੰਘ ਦੀ ਧੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਨਵੰਬਰ ’ਚ ਭਾਕਿਊ ਪ੍ਰਧਾਨ ਬਲਵੀਰ ਸਿੰਧ ਰਾਜੇਵਾਲ ਦੇ ਜਥੇ ’ਚ ਸ਼ਾਮਲ ਹੋਏ ਸਨ ਅਤੇ ਵੱਖਰੀ ਜਗ੍ਹਾ ’ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦੇ ਪਿਤਾ ਪਹਿਲਾਂ ਰੇਲਵੇ ਸਟੇਸ਼ਨ ਖੰਨਾ ਵਿਚ ਜਾਰੀ ਧਰਨੇ ਵਿਚ ਕਈ ਦਿਨ ਬੈਠੇ ਰਹੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਸੰਭਾਲੇ ਰੱਖਿਆ। ਇਸਦੇ ਬਾਅਦ ਉਹ ਫਤਿਹਗੜ੍ਹ ਸਾਹਿਬ ਵਿਚ ਜਾ ਕੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਧਰਨੇ ਵਿਚ ਸ਼ਾਮਲ ਹੋ ਗਏ । 25 ਨਵੰਬਰ 2020 ਨੂੰ ਜਦੋਂ ਕਿਸਾਨਾਂ ਨੇ ਦਿੱਲੀ ਨੂੰ ਕੂਚ ਕੀਤਾ। ਇਸ ਤੋਂ ਪਹਿਲਾਂ 22 ਅਕਤੂਬਰ ਤੱਕ ਉਨ੍ਹਾਂ ਦੇ ਪਿਤਾ ਦਾ ਕੁਝ ਪਤਾ ਨਹੀਂ ਚਲਾ ਸੀ, ਜਿਸ ਕਾਰਣ ਉਸਨੇ ਪੁਲਸ ਕੋਲ ਪਿਤਾ ਦੀ ਗੁੰਮਸ਼ੂਦਗੀ ਦੀ ਸ਼ਿਕਾਇਤ ਦਰਜ ਕਰਾ ਦਿੱਤੀ ਸੀ ।

ਇਸ ਦੇ ਬਾਅਦ ਉਨ੍ਹਾਂ ਨੂੰ ਖੱਟੜਾ ਪਿੰਡ ਦੇ ਕੇਸਰ ਸਿੰਘ ਤੋਂ ਪਤਾ ਚਲਿਆ ਕਿ ਉਨ੍ਹਾਂ ਦੇ ਪਿਤਾ ਕੁੰਡਲੀ ਬਾਰਡਰ ’ਤੇ ਕਿਸਾਨਾਂ ਦੇ ਨਾਲ ਹੈ , ਜਿਸਦੇ ਬਾਅਦ ਉਹ ਪਿਤਾ ਨੂੰ ਮਿਲਣ ਉੱਥੇ ਗਈ ਅਤੇ 22 ਜਨਵਰੀ ਨੂੰ ਕੁੰਡਲੀ ਬਾਰਡਰ ਦੇ ਕੋਲ ਇਕ ਹੋਟਲ ਵਿਚ ਪਿਤਾ ਨਾਲ ਮੁਲਾਕਾਤ ਦੇ ਬਾਅਦ ਵਾਪਸ ਘਰ ਆ ਗਈ। 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਦੌਰਾਨ ਲਾਲ ਕਿਲੇ ਵਲ ਕੂਚ ਦੇ ਬਾਅਦ ਹਿੰਸਕ ਘਟਨਾ ਹੋਈ। ਉਸਦੇ ਬਾਅਦ ਉਨ੍ਹਾਂ ਦੇ ਪਿਤਾ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਨੂੰ ਦਿੱਲੀ ਤੋਂ ਇਹ ਪਤਾ ਚਲਿਆ ਸੀ ਕਿ ਹਿੰਸਕ ਘਟਨਾ ਦੇ ਦੌਰਾਨ ਉਨ੍ਹਾਂ ਦੇ ਪਿਤਾ ਜ਼ਖ਼ਮੀ ਹੋ ਗਏ ਸਨ, ਜੋ ਬਾਅਦ ’ਚ ਨਾ ਜਾਣੇ ਕਿੱਥੇ ਚਲੇ ਗਏ। ਪਰਮਜੀਤ ਕੌਰ ਨੇ ਪੰਜਾਬ ਸਰਕਾਰ ਅਤੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਲੱਭਿਆ ਜਾਵੇ ।

ਅਸੀ ਦਿੱਲੀ ’ਚ ਲਾਲ ਕਿਲਾ ਪੁਲਸ ਅਤੇ ਸਿੰਘੂ ਬਾਰਡਰ ਇਲਾਕੇ ਦੀ ਪੁਲਸ ਨਾਲ ਸੰਪਰਕ ਕਰ ਕੇ ਕੋਸ਼ਿਸ਼ ਕੀਤੀ ਸੀ ਕਿ ਜ਼ੋਰਾਵਰ ਸਿੰਘ ਦਾ ਪਤਾ ਲੱਗ ਸਕੇ ਪਰ ਅਜੇ ਕੁਝ ਪਤਾ ਨਹੀਂ ਚੱਲਿਆ। ਖੰਨਾ ਪੁਲਸ ਦੀ ਟੀਮ ਵੀ ਬਾਰਡਰ ’ਤੇ ਜ਼ੋਰਾਵਰ ਸਿੰਘ ਨੂੰ ਦੇਖਣ ਗਈ ਸੀ ਪਰ ਉਹ ਨਹੀਂ ਮਿਲੇ। ਪੁਲਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਜ਼ੋਰਾਵਰ ਸਿੰਘ ਦਾ ਸੁਰਾਗ ਮਿਲ ਸਕੇ।-ਸਦਰ ਥਾਣਾ, ਐੱਸ. ਐੱਚ. ਓ. ਇੰਸਪੈਕਟਰ ਹੇਮੰਤ ਕੁਮਾਰ।

Bharat Thapa

This news is Content Editor Bharat Thapa