ਖਹਿਰਾ ਵਲੋਂ ਭੁਲੱਥ ''ਚ ਅਧੂਰੇ ਬਾਈਪਾਸ ਦਾ ਜਾਇਜ਼ਾ

09/03/2017 6:56:51 AM

ਭੁਲੱਥ, (ਰਜਿੰਦਰ, ਭੂਪੇਸ਼)- ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਸਬਾ ਭੁਲੱਥ ਵਿਖੇ ਭੋਗਪੁਰ ਰੋਡ ਬਾਈਪਾਸ ਦੇ ਅਧੂਰੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ, ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਆਖਿਆ ਕਿ ਭੁਲੱਥ ਦੇ ਇਸ ਬਾਈਪਾਸ ਰੋਡ 'ਤੇ ਇੰਟਰਲਾਕ ਟਾਈਲਾਂ ਲੱਗਣੀਆਂ ਸਨ, ਜਿਨ੍ਹਾਂ ਨੂੰ ਡੋਰ-ਟੂ-ਡੋਰ ਕਰ ਕੇ ਥੋੜ੍ਹੇ ਹੀ ਏਰੀਏ 'ਚ ਲਾ ਦਿੱਤਾ ਗਿਆ, ਜਿਸ ਕਾਰਨ ਇਸ ਰੋਡ ਦਾ ਕਾਫੀ ਇਲਾਕਾ ਕੱਚਾ ਰਹਿ ਗਿਆ ਤੇ ਇਸ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। 
ਉਨ੍ਹਾਂ ਕਿਹਾ ਕਿ ਬਾਈਪਾਸ ਵਾਲੇ ਮਾਮਲੇ ਦੀ ਜਾਂਚ ਪਿਛਲੇ ਮਹੀਨੇ ਏ. ਡੀ. ਸੀ. ਕਪੂਰਥਲਾ ਵਲੋਂ ਕੀਤੀ ਗਈ ਹੈ, ਜਿਸ ਦੀ ਰਿਪੋਰਟ ਲੋਕਲ ਬਾਡੀਜ਼ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਸਤੀਸ਼ ਚੰਦਰਾ ਕੋਲ ਗਈ ਹੈ। ਉਨ੍ਹਾਂ ਹੋਰ ਕਿਹਾ ਕਿ ਬਾਈਪਾਸ ਦੀ ਇਸ ਸਾਰੀ ਸੜਕ ਨਾਲ ਨਿਕਾਸੀ ਨਾਲਾ, ਜਿਸ ਰਾਹੀਂ ਬਾਰਿਸ਼ ਦਾ ਪਾਣੀ ਜਾਂਦਾ ਸੀ, ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਮੈਨੂੰ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਨਿਕਾਸੀ ਨਾ ਹੋਣ ਕਾਰਨ ਬਾਰਿਸ਼ ਦਾ ਪਾਣੀ ਬਾਜ਼ਾਰ 'ਚ ਖੜ੍ਹਾ ਹੁੰਦਾ ਹੈ, ਜਿਸ ਸੰਬੰਧੀ ਮੈਂ ਮੌਕੇ 'ਤੇ ਐੱਸ. ਡੀ. ਐੱਮ. ਭੁਲੱਥ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਕਿਹਾ ਹੈ ਕਿ ਬਾਜ਼ਾਰ ਤੋਂ ਥੋੜ੍ਹੀ ਦੂਰੀ 'ਤੇ ਸੀਵਰੇਜ ਦੇ ਮੇਨਹੋਲ 'ਚ ਪਾਈਪ ਪਾ ਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਖਹਿਰਾ ਨੇ ਸੀਵਰੇਜ ਦੇ ਮਟੀਰੀਅਲ ਨੂੰ ਘਟੀਆ ਕੁਆਲਿਟੀ ਦਾ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਰਾ ਸੀਵਰੇਜ ਸਿਸਟਮ ਫਲਾਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭੁਲੱਥ, ਬੇਗੋਵਾਲ ਤੇ ਢਿੱਲਵਾਂ ਵਿਚਲੇ ਸੀਵਰੇਜ ਤੇ ਵਾਟਰ ਸਪਲਾਈ ਦੇ ਮੁੱਦਿਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਉਠਾਵਾਂਗੇ। 
ਇਸ ਮੌਕੇ ਗੁਰਮੀਤ ਸਿੰਘ ਚਾਵਲਾ, ਅਸ਼ਵਨੀ ਚਾਵਲਾ, ਪਲਵਿੰਦਰ ਸਿੰਘ ਭਿੰਡਰ, ਗੁਰਸ਼ਰਨਜੀਤ ਸਿੰਘ ਚੀਮਾ, ਸੁਰਿੰਦਰ ਕੱਕੜ, ਸੁੱਚਾ ਸਿੰਘ ਹੰਸਪਾਲ, ਤਾਰਾ ਚੰਦ ਬੱਗਾ, ਜਸਪਾਲ ਵਧਾਵਨ, ਮਲਕੀਤ ਸਿੰਘ ਧਾਮੀ, ਮਾ. ਕਰਮਜੀਤ ਸਿੰਘ, ਜਸਵਿੰਦਰ ਸਿੰਘ ਲਾਲੀ, ਸੁਨੀਲ ਕੁਮਾਰ, ਚਿਤਮੇਲ ਸਿੰਘ ਬਾਜਵਾ, ਕਰਨ, ਰਾਜਕਮਲ ਵਾਸੁਦੇਵ, ਲਾਡੀ, ਪ੍ਰੇਮ ਸਿੰਘ ਕਮਰਾਏ ਤੇ ਲਖਵੰਤ ਸਿੰਘ ਆਦਿ ਹਾਜ਼ਰ ਸਨ।