ਖਹਿਰਾ ਡਰੱਗ ਰੈਕੇਟ ਦਾ ਕਿੰਗ ਪਿੰਨ : ਸੁਖਬੀਰ

11/17/2017 7:21:56 AM

ਅੰਮ੍ਰਿਤਸਰ  (ਪ੍ਰਵੀਨ ਪੁਰੀ/ਛੀਨਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਜਿਥੇ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ, ਉਥੇ ਆਮ ਆਦਮੀ ਪਾਰਟੀ ਵੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਬੰਧੀ ਸਪੱਸ਼ਟਵਾਦੀ ਨਹੀਂ ਹੈ। ਉਨ੍ਹਾਂ ਨੇ ਸੁਖਪਾਲ ਖਹਿਰਾ ਨੂੰ ਡਰੱਗ ਰੈਕੇਟ ਦਾ ਕਿੰਗ ਪਿੰਨ ਦੱਸਦਿਆਂ ਕਿਹਾ ਕਿ ਨਸ਼ਿਆਂ ਦੇ ਮੁੱਦੇ 'ਤੇ ਵਿਧਾਨ ਸਭਾ ਦੀ ਚੋਣ ਲੜਨ ਵਾਲੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੱਸਣ ਕਿ ਹੁਣ ਉਨ੍ਹਾਂ ਨੂੰ ਕਿਉਂ ਨਹੀਂ ਚੇਤਾ ਆ ਰਿਹਾ ਕਿ ਨਸ਼ਿਆਂ ਦੇ ਕਿੰਗ ਪਿੰਨ ਨਾਲ ਕੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।
ਕੇਜਰੀਵਾਲ ਦੀ ਚੁੱਪ ਦੱਸ ਰਹੀ ਹੈ ਕਿ ਉਹ ਲੋਕਾਂ ਨੂੰ ਨਸ਼ਿਆਂ ਦੇ ਮਾਮਲੇ 'ਚ ਆਪਣੇ ਸਿਆਸੀ ਸਵਾਰਥਾਂ ਲਈ ਹੱਦ ਦਰਜੇ ਦੇ ਪੱਧਰ 'ਤੇ ਜਾ ਕੇ ਗੁੰਮਰਾਹ ਕਰਦੇ ਰਹੇ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਸਾਰਾ ਮੰਤਰੀ ਮੰਡਲ ਪੰਜਾਬ ਦੀ ਜਨਤਾ ਨੂੰ ਲੁੱਟਣ 'ਤੇ ਲੱਗਾ ਹੋਇਆ ਹੈ। ਕਿਸਾਨ ਅਜੇ ਤੱਕ ਕਰਜ਼ਾ ਮੁਆਫ਼ੀ ਉਡੀਕ ਰਹੇ ਹਨ ਤੇ ਨੌਜਵਾਨ ਨੌਕਰੀਆਂ ਪਰ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਸੁਖਬੀਰ ਬਾਦਲ ਅੱਜ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਬਾਦਲ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਜਾਰੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਨਵੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼ਮੂਲੀਅਤ ਕੀਤੀ।
ਇਸ ਸਮੇਂ ਗੁਰਪ੍ਰਤਾਪ ਸਿੰਘ ਟਿੱਕਾ, ਗੁਰਪ੍ਰੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਮੈਨੇਜਰ ਸੁਲੱਖਣ ਸਿੰਘ ਤੇ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।