ਗੁਰਪੁਰਬ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ, ਕੀਤਾ ਵੱਡਾ ਐਲਾਨ

11/08/2022 6:22:36 PM

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਨੀ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿਚ ਆਨੰਦ ਮੈਰਿਜ ਐਕਟ ਪੂਰਨ ਰੂਪ ਵਿਚ ਲਾਗੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਾਧ ਸੰਗਤ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਭਾਵੇਂ ਕਿ 2016 ’ਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ, ਜੋ ਹੁਣ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਪੂਰੀ ਦੁਨੀਆ ’ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਜੀ ਦੇ ਸਿਧਾਂਤਾਂ ’ਤੇ ਚੱਲਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਬਲੈਕਲਿਸਟ ਕੀਤੇ ਇਹ ਵਾਹਨ, ਹੋਵੇਗੀ ਸਖ਼ਤ ਕਾਰਵਾਈ

ਇਸ ਮੌਕੇ ਉਹ ਵਿਸ਼ੇਸ਼ ਤੌਰ ’ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਮਿਲੇ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਵਿਖੇ ਆ ਰਹੀਆਂ ਵਿਸ਼ੇਸ਼ ਦਿੱਕਤਾਂ ਦੀ ਗੱਲਬਾਤ ਕੀਤੀ ਅਤੇ ਸ਼ਹਿਰ ਲਈ ਵਿਸ਼ੇਸ਼ ਤੌਰ ’ਤੇ ਪੈਕੇਜ ਦੀ ਮੰਗ ਵੀ ਕੀਤੀ।

ਕੀ ਹੈ ਆਨੰਦ ਮੈਰਿਜ ਐਕਟ

ਆਨੰਦ ਮੈਰਿਜ ਐਕਟ ਕਈ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ। ਉਸ ਸਮੇਂ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਆਪਣੇ ਨਿਯਮ ਬਣਾ ਕੇ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ। ਕਈ ਸੂਬਿਆਂ ਵੱਲੋਂ ਇਸ ਬਾਰੇ ਨਿਯਮ ਬਣਾਏ ਜਾ ਚੁੱਕੇ ਹਨ ਪਰ ਕੁਝ ਸੂਬਿਆਂ ਵੱਲੋਂ ਨਹੀਂ ਬਣਾਏ ਗਏ ਸਨ। ਦਰਅਸਲ ਸਿੱਖਾਂ ਦੇ ਵਿਆਹ ਪਹਿਲਾਂ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਹੁੰਦੇ ਸਨ ਪਰ ਆਨੰਦ ਮੈਰਿਜ ਐਕਟ ਦੇ ਬਨਣ ਤੋਂ ਬਾਅਦ ਸਿੱਖਾਂ ਦੇ ਵਿਆਹ ਇਸ ਐਕਟ ਦੇ ਤਹਿਤ ਰਜਿਸਟਰ ਹੋਣ ਦੀ ਤਜਵੀਜ਼ ਬਣਾਈ ਗਈ। ਇਸ ਐਕਟ ਤਹਿਤ ਜਿਸ ਦਾ ਵਿਆਹ ਆਨੰਦ ਕਾਰਜ ਦੀ ਰਸਮ ਨਾਲ ਹੋਇਆ ਹੈ ਉਸ ਦਾ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕੀਤਾ ਜਾ ਸਕਦਾ ਹੈ। ਜਿੱਥੇ ਆਨੰਦ ਕਾਰਜ ਹੋਇਆ ਹੈ, ਉਸ ਗੁਰਦੁਆਰਾ ਸਾਹਿਬ ਵੱਲੋਂ ਮਿਲੇ ਸਰਟੀਫਿਕੇਟ ਨੂੰ ਆਨੰਦ ਕਾਰਜ ਦੇ ਸਬੂਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਅਕਾਲੀ ਦਲ ’ਚੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh