ਕੇਜਰੀਵਾਲ ਸਭ ਤੋਂ ਵੱਡਾ ਪਾਖੰਡੀ, ਉਸਦੀ ਕਥਨੀ ਤੇ ਕਰਨੀ ''ਚ ਕੋਹਾਂ ਦਾ ਫਰਕ : ਧਰਮਸੋਤ

01/20/2021 7:48:03 PM

ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਰ੍ਹਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਲੋਕ ਕੇਜਰੀਵਾਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹ ਜੋ ਵੀ ਕਹਿੰਦੇ ਨੇ ਉਹ ਸਿਰਫ ਝੂਠ ਦਾ ਪੁਲੰਦਾ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਅਸਲੀ ਚਿਹਰਾ ਹੁਣ ਜੱਗ ਜਾਹਰ ਹੈ।
ਕੇਜਰੀਵਾਲ 'ਤੇ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਗਾਉਂਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਉਨ੍ਹਾਂ ਦੇ ਮੰਤਰੀ ਦੇ ਕਿਸੇ ਸਹਿਯੋਗੀ ਅਤੇ ਪਾਰਟੀ ਨੇਤਾ ਨੂੰ ਇੰਫੋਰਸਮੈਂਟ ਡਾਇਰੈਕਟੋਰੇਟ ਦਾ ਕੋਈ ਡਰ ਨਹੀਂ ਹੈ। ਉਨਹਾਂ ਸਵਾਲ ਕੀਤਾ,” ਕੀ ਕੇਜਰੀਵਾਲ ਉਹ ਪਹਿਲਾ ਵਿਅਕਤੀ ਨਹੀਂ ਸੀ ਜਿਸਨੇ ਇਨਾਂ ਕਾਨੂੰਨਾਂ ਨੂੰ ਦਿੱਲੀ ਵਿਚ ਲਾਗੂ ਕੀਤਾ ਸੀ? ਧਰਮਸੋਤ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਵੀ ਯਾਦ ਦਿਵਾਇਆ ਕਿ ਕੌਮੀ ਰਾਜਧਾਨੀ ਵਿੱਚ ਕੀਤੇ ਗਏ ਇਸ ਕੰਮ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਪੂਰੇ ਭਾਰਤ ਵਿੱਚ ਅਜਿਹੇ ਪਹਿਲੇ ਮੁੱਖ ਮੰਤਰੀ ਸਨ ਜਿਨਾਂ ਨੇ ਪੰਜਾਬ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਕਾਨੂੰਨ ਪਾਸ ਕੀਤੇ ਸਨ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਹ ਕਿਸੇ ਚਿੰਤਾ ਜਾਂ ਅਹੁਦਾ ਖੁੱਸਣ ਦੇ ਡਰ ਦੀ ਪਰਵਾਹ ਕੀਤੇ ਬਿਨਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਲਈ ਹਮੇਸ਼ਾਂ ਸਭ ਤੋਂ ਅੱਗੇ ਰਹੇ ਹਨ। ਦੂਜੇ ਪਾਸੇ ਐਸ. ਵਾਈ. ਐਲ. ਮੁੱਦੇ 'ਤੇ ਕੇਜਰੀਵਾਲ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ। ਧਰਮਸੋਤ ਨੇ ਕਿਹਾ ਕਿ ਕੇਜਰੀਵਾਲ ਲਈ ਪੰਜਾਬ ਸਿਰਫ ਰਾਜਨੀਤਿਕ ਖੇਡ ਹੈ ਪਰ ਦੂਜੇ ਪਾਸੇ ਇਹ ਕੈਪਟਨ ਅਤੇ ਸਾਡੇ ਸਾਰਿਆਂ ਲਈ ਮਾਤ ਭੂਮੀ ਹੈ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਸੀਂ ਪੂਰੀ ਵਾਹ ਲਾਉਣ ਨੂੰ ਤਿਆਰ ਹਾਂ।
ਕੇਜਰੀਵਾਲ ਦੀਆਂ ਮਨਘੜਤ ਗੱਲਾਂ 'ਤੇ ਸਵਾਲ ਉਠਾਉਂਦਿਆਂ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਕਿਵੇਂ ਪੰਜਾਬ ਦੀ ਸੱਤਾ ਸੰਭਾਲਣ ਦਾ ਸੁਪਨਾ ਕਿਵੇਂ ਲੈ ਸਕਦਾ ਹੈ ਕਿਉਂਕਿ ਉਸਨੇ ਪਹਿਲਾਂ ਹੀ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗੀ ਸੀ, ਜਿਨਾਂ ਨੂੰ ਲੋਕਾਂ ਨੇ ਬੁਰੀ ਤਰਾਂ ਨਕਾਰ ਦਿੱਤਾ ਸੀ। ਰਾਜਨੀਤਿਕ ਤੌਰ ਤੇ ਧਰਮਸੋਤ ਨੇ ਕਿਹਾ ਕਿ ਹਰ ਪੰਜਾਬੀ ਇਸ ਤੱਥ ਤੋਂ ਪੂਰੀ ਤਰਾਂ ਜਾਣੂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਚੁੱਕੇ ਗਏ ਦਲੇਰਾਨਾਂ ਕਦਮਾਂ ਕਰਕੇ ਹੀ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ। ਧਰਮਸੋਤ ਨੇ ਕਿਹਾ ਕਿ ਆਪਣੇ ਪਿਛਲੇ ਸ਼ਾਸਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਲਈ ਆਪਣੀ ਹੀ ਪਾਰਟੀ ਖਿਲਾਫ ਸਟੈਂਡ ਲੈ ਲਿਆ ਸੀ ਅਤੇ ਅਜਿਹਾ ਜੋਖਮ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਲੈ ਸਕਦੇ ਹਨ।
ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਹੀ ਯਕੀਨੀ ਬਣਾਇਆ ਗਿਆ, ਨਹੀਂ ਤਾਂ ਕੇਜਰੀਵਾਲ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਰਾਜਨੀਤਿਕ ਲੋਕ ਜੇਕਰ ਸੱਤਾ 'ਚ ਹੁੰਦੇ ਤਾਂ ਇਹ ਸੰਘਰਸ਼ ਕਦੋਂ ਦਾ ਤਾਰ-ਤਾਰ ਕਰ ਦਿੱਤਾ ਹੁੰਦਾ।
ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ ਅਤੇ ਉਨਾਂ ਦੇ ਦਿਲ ਵਿੱਚ ਕਿਸਾਨਾਂ ਲਈ ਡੂੰਘੀ ਹਮਦਰਦੀ ਹੈ ਜਦਕਿ ‘ਆਪ’ ਅਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਇਨਾਂ ਮੁੱਦਿਆਂ ਤੋਂ ਰਾਜਨੀਤਿਕ ਲਾਹਾ ਲੈਣ ਦੀ ਕੋਸਿਸ਼਼ ਕਰ ਰਹੇ ਹਨ ਅਤੇ ਉਹਨਾਂ ਨੂੰ ਕਿਸਾਨਾਂ ਦੇ ਮਸਲਿਆਂ ਤੇ ਚਿੰਤਾਵਾਂ ਕੋਈ ਪਰਵਾਹ ਨਹੀਂ ਹੈ।
ਪਰਾਲੀ ਸਾੜਨ ਬਾਰੇ ਬੋਲਦਿਆਂ ਸ੍ਰੀ ਧਰਮਸੋਤ ਨੇ ਕਿਹਾ, “ਮੈਂ ਇਹ ਸਮਝਣ ਵਿੱਚ ਅਸਫਲ ਰਿਹਾ ਹਾਂ ਕਿ ਪਰਾਲੀ ਸਾੜਣ ਨਾਲ ਪ੍ਰਦੂਸ਼ਣ ਸਿਰਫ ਦਿੱਲੀ ਹੀ ਨਹੀਂ ਚੰਡੀਗੜ੍ਹ ਜਾਂ ਕਰਨਾਲ ਵਿੱਚ ਹੀ ਕਿਉਂ ਪਹੁੰਚਦਾ ਹੈ? ਇਸ ਦਾ ਕਾਰਨ ਇਹ ਹੈ ਕਿ ਇੱਥੇ ਪ੍ਰਦੂਸ਼ਣ ਸਿਰਫ ਉਨਾਂ ਦੀਆਂ ਫੈਕਟਰੀਆਂ ਅਤੇ ਕਾਰਾਂ ਤੋਂ ਆਉਂਦਾ ਹੈ। ਪਰ ਕੇਜਰੀਵਾਲ ਆਪਣੀਆਂ ਅਸਫਲਤਾਵਾਂ ਲੁਕਾਉਣ ਲਈ ਪੰਜਾਬ ਦੇ ਗਰੀਬ ਕਿਸਾਨਾਂ’ ਤੇ ਦੋਸ਼ ਮੜ੍ਹ ਰਹੇ ਹਨ। ”
ਕੇਜਰੀਵਾਲ ਦੀ ਨਿਖੇਧੀ ਕਰਦਿਆਂ ਮੰਤਰੀ ਨੇ ਕਿਹਾ ਕਿ ਅੱਜ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਕੇਜਰੀਵਾਲ ਹੈ। ਤੁਸੀਂ ਪਹਿਲਾਂ ਕਿਸੇ ਨੂੰ ਜਹਿਰ ਦੇ ਕੇ ਪਿੱਛੋਂ ਜਹਿਰ ਦੀ ਕਾਟ ਦੇ ਕੇ ਖੁਦ ਨੂੰ ਮਹਾਣ ਕਹਾਉਣ ਦਾ  ਦਾਅਵਾ ਨਹੀਂ ਕਰ ਸਕਦੇ।ਸੱਚ ਤਾਂ ਇਹ ਹੈ ਕਿ ਕੇਜਰੀਵਾਲ ਨੇ ਇਹ ਖੇਤੀ ਕਾਨੂੰਨਾਂ ਨੂੰ ਦਿੱਲੀ ਵਿਚ ਲਾਗੂ ਕੀਤਾ ਹੈ ਅਤੇ ਹੁਣ ਇਹ ਇਸ ਨੂੰ ਲੁਕਾਉਣ ਦੀਆਂ ਕੋਸਿ਼ਸ਼ਾਂ਼ ਕਰ ਰਹੇ ਹਨ। ਉਹ ਪੰਜਾਬ ਵਿਚ ਆਪਣੀਆਂ ਰਾਜਨੀਤਿਕ ਲਾਲਸਾਵਾਂ ਨੂੰ ਪੂਰਾ ਕਰਨ ਲਈ ਹੀ ਕਿਸਾਨ ਪੱਖੀ ਹੋਣ ਦਾ ਢੋਂਡ ਕਰ ਰਹੇ ਹਨ।
ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਧਰਮਸੋਤ ਨੇ ਕਿਹਾ  ਕਿ ਮੋਦੀ ਐਨ.ਆਈ.ਏ. ਨੋਟਿਸ ਭੇਜ ਕੇ ਕਿਸਾਨਾਂ‘ ਤੇ ਦਬਾਅ ਬਣਾਉਣਾ ਚਾਹੁੰਦੇ ਹਨ, ਪਰ ਪੰਜਾਬ ਦੇ ਕਿਸਾਨ ਕਿਸੇ ਤੋਂ ਨਹੀਂ ਡਰਦੇ। ਉਨਾਂ ਦੀਆਂ ਮੰਗਾਂ ਸੱਚੀਆਂ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਦੇਸ਼ ਦਾ ਢਿੱਡ ਭਰ ਰਹੇ ਹਨ। ਇਹ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ।
“ਅੱਜ ਪੰਜਾਬ ਵਿਚ ਕਾਂਗਰਸ ਤੋਂ ਇਲਾਵਾ ਪੰਜਾਬ ਵਿਚ ਕਿਸੇ ਵੀ ਹੋਰ ਪਾਰਟੀ ਦੀ ਕੋਈ ਹੋਂਦ ਨਹੀਂ ਹੈ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕੋਈ ਹੋਰ ਨੇਤਾ ਨਹੀਂ ਹੈ ਜੋ ਰਾਜ ਦੀ ਯੋਗ ਅਗਵਾਈ ਕਰ ਸਕਦਾ ਹੈ। ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ, ਜੇ ਕਿਸੇ ਨੇ ਪੰਜਾਬ ਨੂੰ ਲੁੱਟਿਆ ਹੈ, ਤਾਂ ਉਹ ਹੈ ਬਾਦਲ ਪਰਿਵਾਰ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਸ ਦੇ ਨੇਤਾ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਹਨ ।ਇਸੇ ਲਈ ਪੰਜਾਬ ਦੇ ਲੋਕ ਉਨਾਂ ਤੇ ਯਕੀਨ ਨਹੀਂ  ਕਰਦੇ। ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਮਿਊਂਸੀਪਲ ਚੋਣਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿੰਬ ਬਣਨਗੀਆਂ ਅਤੇ  ਕਾਂਗਰਸ ਹੂੰਝਾ ਫੇਰੂ ਜਿੱਤ ਪ੍ਰਾਪਤ ਕਰੇਗੀ।
ਕਾਲੇ ਖੇਤੀ ਕਾਨੂੰਨਾਂ ਪ੍ਰਤੀ ਬਾਦਲਾਂ ਦੇ ਸਟੈਂਡ ਤੇ ਬੋਲਦਿਆਂ ਸ੍ਰੀ ਧਰਮਸੋਤ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ, ਜਦੋਂ ਇਹ ਆਰਡੀਨੈਂਸ ਲਾਗੂ ਕੀਤੇ ਗਏ ਸਨ ਉਸ ਵੇਲੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਨਾਂ ਕਾਨੂੰਨਾਂ ਦੀ ਸ਼ਲਾਘਾ ਕੀਤੀ ਸੀ। ਕਿਸਾਨਾਂ ਦੇ ਵਿਧਰੋਹ ਅਤੇ ਗੁੱਸੇ ਕਾਰਨ ਹੁਣ ਇਸ ਮੁੱਦੇ  ਤੇ ਪਲਟੀ ਮਾਰਨ ਲਈ ਮਜਬੂਰ ਹਨ।
 

Bharat Thapa

This news is Content Editor Bharat Thapa