ਮਜੀਠੀਆ ਨੇ ਸਿੱਧੂ ਜੋੜੇ ਵਲੋਂ ਪੇਸ਼ ਕੀਤੀ ਰਿਪੋਰਟ 'ਤੇ ਲਗਾਈ ਸਵਾਲਾਂ ਦੀ ਝੜੀ

03/17/2018 5:08:21 PM

ਚੰਡੀਗੜ੍ਹ — ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ। ਇਸ ਮੁੱਦੇ 'ਤੇ ਜਿਥੇ ਆਮ ਆਦਮੀ ਪਾਰਟੀ ਬਿਖਰੀ ਹੋਈ ਨਜ਼ਰ ਆ ਰਹੀ ਹੈ, ਉਥੇ ਹੀ ਵਿਰੋਧੀ ਧਿਰਾਂ ਵੀ ਸੋਸ਼ਲ ਮੀਡੀਆ 'ਤੇ ਆਪਣੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਇਸ ਲੜੀ ਤਹਿਤ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਰੇ ਮਾਮਲੇ 'ਚ ਆਪਣਾ ਪੱਖ ਰੱਖਦਿਆਂ, ਸਿੱਧੂ ਜੋੜੇ 'ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿੱਧੂ ਜੋੜੇ ਨੇ ਇਕ ਰਿਪੋਰਟ ਪੇਸ਼ ਕਰ ਕੇ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਕਰਮ ਸਿੰਘ ਮਜੀਠੀਆ ਇਕ ਨਸ਼ਾ ਤਸਕਰ ਹੈ ਤੇ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ। ਸਿੱਧੂ ਜੋੜੇ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਨੇ ਆਪਣਾ ਪੱਖ ਰੱਖਦਿਆਂ ਸਿੱਧੂ ਜੋੜੇ ਨੂੰ ਬੰਟੀ ਬਬਲੀ ਦਾ ਖਿਤਾਬ ਦਿੰਦਿਆਂ, ਉਨ੍ਹਾਂ ਦੀ ਹਿਮਾਇਤੀ ਟੀਮ ਜਿਸ 'ਚ ਮਜੀਠੀਆ ਦੇ ਕਜ਼ਨਸ ਵੀ ਸ਼ਾਮਲ ਹਨ, ਨੂੰ ਸਿੱਧੂ ਐਂਡ ਸੰਨਜ਼ ਦਾ ਨਾਂ ਦਿੰਦਿਆਂ ਕਿਹਾ ਕਿ ਜੋ ਦੋਸ਼ ਉਨ੍ਹਾਂ 'ਤੇ ਲਗਾਏ ਗਏ ਹਨ, ਉਨ੍ਹਾਂ ਨੂੰ ਕੋਰਟ 'ਚ ਸਾਬਿਤ ਕੀਤਾ ਜਾਵੇ। 
ਮਜੀਠੀਆ ਨੇ ਕਿਹਾ ਕਿ ਦੋਸ਼ ਲਗਾਉਣ ਤੋਂ ਪਹਿਲਾਂ ਸਿੱਧੂ ਜੋੜੇ ਨੂੰ ਸੋਚ ਲੈਣਾ ਚਾਹੀਦੈ ਕਿ ਕੋਰਟ ਦਾ ਫੈਸਲਾ ਸਭ ਤੋਂ ਵੱਡਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜੋੜਾ ਖੁਦ ਦੇ ਫੈਂਸਲੇ ਲੈਣ ਤੋਂ ਪਹਿਲਾਂ ਇਹ ਸੋਚ ਲੈਣ ਕਿ ਉਨ੍ਹਾਂ ਦਾ ਕੇਸ ਵੀ ਸੁਪਰੀਮ ਕੋਰਟ 'ਚ ਚਲ ਰਿਹਾ ਹੈ, ਜਿਸ ਦਾ ਫੈਸਲਾ ਜਲਦ ਆ ਸਕਦਾ ਹੈ।