ਕੇਸ ਵਾਪਸ ਲੈਣ ਨਾਲ ਕੇਜਰੀਵਾਲ ਦੇ ਸਿਆਸੀ ਤਜਰਬੇ ਦੀ ਘਾਟ ਸਾਹਮਣੇ ਆਈ

03/18/2018 7:57:01 AM

ਜਲੰਧਰ (ਧਵਨ)  - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਨਾ ਸਿਰਫ ਕੇਜਰੀਵਾਲ ਦੇ ਸਿਆਸੀ ਤਜਰਬੇ ਦੀ ਘਾਟ ਦਾ ਪਤਾ ਲੱਗਦਾ ਹੈ, ਸਗੋਂ ਇਹ ਵੀ ਸਾਬਿਤ ਹੁੰਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਮਾਣਹਾਨੀ ਕੇਸਾਂ ਦੇ ਬੋਝ ਨੂੰ ਘੱਟ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਅੱਜ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਹਮੇਸ਼ਾ ਇਧਰ-ਉਧਰ ਛਾਲਾਂ ਮਾਰਦੇ ਹਨ ਪਰ ਉਨ੍ਹਾਂ 'ਚ ਸਿਆਸੀ ਤਜਰਬੇ ਦੀ ਘਾਟ ਸਾਫ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਏ ਹਨ। ਸਾਰੇ ਸੂਬਿਆਂ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਖਿਲਾਫ ਡਰੱਗ ਦੋਸ਼ਾਂ ਨੂੰ ਲੈ ਕੇ ਸ਼ਾਇਦ ਇਸ ਲਈ ਮੁਆਫੀ ਮੰਗੀ ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਕਰਨਾ ਚਾਹੁੰਦੇ ਹਨ ਪਰ ਤੱਥ ਇਹ ਦੱਸਦੇ ਹਨ ਕਿ ਹਾਲਾਤ ਕੇਜਰੀਵਾਲ ਲਈ ਹੋਰ ਖਰਾਬ ਹੋ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਲੋਕਾਂ ਦਾ ਮੂਡ ਬਦਲ ਰਿਹਾ ਹੈ ਤੇ ਕੇਂਦਰ ਵਿਚ ਕਾਂਗਰਸ ਆਪਣੀ ਸਰਕਾਰ ਸੌਖਿਆਂ ਹੀ ਬਣਾ ਲਵੇਗੀ। ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਆਪਣੇ ਦਮ ਜਾਂ ਹਮਖਿਆਲੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਨਾਲ ਮਿਲਾ ਕੇ ਸਰਕਾਰ ਬਣਾਵੇ। ਉਨ੍ਹਾਂ ਕਿਹਾ ਕਿ 2019 ਕਾਂਗਰਸ ਲਈ ਬਿਹਤਰ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੀਆਂ ਉਮੀਦਾਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਕਾਫੀ ਸਨ, ਜੋ ਪੂਰੀਆਂ ਨਹੀਂ ਹੋਈਆਂ।
ਰਾਹੁਲ ਗਾਂਧੀ ਦੇ ਸੰਭਾਵਿਤ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਰਾਹੁਲ ਵਿਚ ਪ੍ਰਧਾਨ ਮੰਤਰੀ ਬਣਨ ਦੇ ਸਾਰੇ ਗੁਣ ਮੌਜੂਦ ਹਨ। ਰਾਹੁਲ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਵਰਕਰਾਂ ਦਾ ਉਤਸ਼ਾਹ ਵਧਿਆ ਹੈ। ਕਾਂਗਰਸ ਦੀ ਕਨਵੈਨਸ਼ਨ ਵਿਚ ਜਿਸ ਤਰ੍ਹਾਂ ਵਰਕਰਾਂ ਨੇ ਰਾਹੁਲ ਦਾ ਉਤਸ਼ਾਹ ਵਧਾਇਆ ਹੈ, ਉਸ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਅਹੁਦੇ 'ਤੇ ਰਾਹੁਲ ਜਲਦੀ ਹੀ ਬਿਰਾਜਮਾਨ ਹੋਣਗੇ।
ਕੇਂਦਰੀ ਰੱਖਿਆ ਬਜਟ ਨਾਕਾਫੀ-ਉਨ੍ਹਾਂ ਕੇਂਦਰ ਵਲੋਂ ਰੱਖਿਆ ਖੇਤਰ ਲਈ ਘੱਟ ਬਜਟ ਰੱਖਣ ਦੀ ਨਿੰਦਾ ਕਰਦਿਆਂ ਕਿਹਾ ਕਿ ਫੌਜਾਂ ਨੂੰ ਹੁਣ ਅਤਿ-ਆਧੁਨਿਕ ਹਥਿਆਰਾਂ ਦੀ ਲੋੜ ਹੈ। ਚੰਗੇ ਹਥਿਆਰਾਂ ਤੋਂ ਬਿਨਾਂ ਜੰਗ ਨਹੀਂ ਜਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬ ਭਾਰੀ ਸੰਕਟ ਵਿਚ ਹੈ ਪਰ ਕੇਂਦਰ ਨੇ ਸੂਬੇ ਦੀ ਕੋਈ ਮਦਦ ਨਹੀਂ ਕੀਤੀ। ਕਿਸਾਨਾਂ ਦੇ ਕਰਜ਼ੇ  ਮੁਆਫ ਕਰਨ ਵਿਚ ਕੇਂਦਰ ਸਰਕਾਰ ਅਸਫਲ ਰਹੀ ਹੈ, ਜਦੋਂਕਿ ਪੰਜਾਬ ਨੇ ਆਪਣੇ ਪੱਧਰ 'ਤੇ ਕਰਜ਼ਾ ਮੁਆਫੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੇਂਦਰ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ ਚਾਹੀਦਾ ਹੈ।
ਗੈਰ-ਕਾਨੂੰਨੀ ਮਾਈਨਿੰਗ ਦਾ ਪਤਾ ਲਾਉਣ ਲਈ ਮੁੱਖ ਮੰਤਰੀ ਅਚਾਨਕ ਕਰਨਗੇ ਚੈਕਿੰਗ
ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਸ਼ੁਰੂ  ਕਰਨ ਵਾਲੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਣ ਨੇੜਲੇ ਭਵਿੱਖ 'ਚ ਵੀ ਗੈਰ-ਕਾਨੂੰਨੀ ਮਾਈਨਿੰਗ ਦਾ ਪਤਾ ਲਾਉਣ ਲਈ ਕਿਸੇ ਸਮੇਂ ਵੀ ਅਚਾਨਕ ਚੈਕਿੰਗ ਕੀਤੀ ਜਾ ਸਕਦੀ ਹੈ।  ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਤਾਂ ਕਰਤਾਰਪੁਰ ਜਾਂਦੇ ਸਮੇਂ ਫਿਲੌਰ ਅਤੇ ਨਵਾਂਸ਼ਹਿਰ ਨੇੜੇ ਗੈਰ-ਕਾਨੂੰਨੀ ਮਾਈਨਿੰਗ ਬਾਰੇ ਚੈਕਿੰਗ ਕੀਤੀ ਸੀ। ਹੁਣ ਦੂਜੀ ਵਾਰ ਉਨ੍ਹਾਂ ਨਕੋਦਰ 'ਚ ਕਿਸਾਨ ਕਰਜ਼ਾ ਮੁਆਫੀ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਹੈਲੀਕਾਪਟਰ ਰਾਹੀਂ ਜਾਂਦੇ ਸਮੇਂ ਗੈਰ-ਕਾਨੂੰਨੀ ਮਾਈਨਿੰਗ ਬਾਰੇ ਚੈਕਿੰਗ ਕੀਤੀ ਸੀ। ਇਸ ਦੀ ਜਾਣਕਾਰੀ ਅਜੇ ਤਕ ਸ਼ਾਇਦ ਅਧਿਕਾਰੀਆਂ ਨੂੰ ਵੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੈਲੀਕਾਪਟਰ ਦੇ ਪਾਇਲਟ ਨੂੰ ਕਿਹਾ ਸੀ ਕਿ ਉਹ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜੇ ਹੈਲੀਕਾਪਟਰ ਨੂੰ ਲੈ ਕੇ ਜਾਵੇ।
ਦੱਸਿਆ ਜਾਂਦਾ ਹੈ ਕਿ ਕੈਪਟਨ ਦੇ ਨਿਰੇਦਸ਼ਾਂ 'ਤੇ ਪਾਇਲਟ ਜਦੋਂ ਹੈਲੀਕਾਪਟਰ ਨੂੰ ਧੁੱਸੀ ਬੰਨ੍ਹ ਦੇ ਨੇੜੇ ਲੈ ਕੇ ਗਿਆ ਤਾਂ ਉਥੇ ਉਸ ਸਮੇਂ ਕਿਸੇ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਚੱਲ ਰਹੀ ਸੀ।