ਭਾਜਪਾ ਨੇ ਸੰਤੁਸ਼ਟ ਨਾ ਕੀਤਾ ਤਾਂ ਦੋਵੇਂ ਸੰਨੀ ਦਿਓਲ ਲਈ ਬਣ ਸਕਦੇ ਹਨ ਮੁਸੀਬਤ

04/25/2019 3:05:47 PM

ਗੁਰਦਾਸਪੁਰ (ਹਰਮਨਪ੍ਰੀਤ) : ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਕਾਂਗਰਸ ਦਾ ਗੜ੍ਹ ਤੋੜਨ ਲਈ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਕਾਰਨ ਬੇਸ਼ੱਕ ਅਕਾਲੀ-ਭਾਜਪਾ ਗਠਜੋੜ ਨੇ ਵੱਡਾ ਦਾਅ ਖੇਡਿਆ ਹੈ ਪਰ ਦੂਜੇ ਪਾਸੇ ਇਸ ਹਲਕੇ ਅੰਦਰ ਟਿਕਟ ਮਿਲਣ ਦੀ ਪੱਕੀ ਆਸ ਲਗਾਈ ਬੈਠੀ ਸਵ. ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸਵਰਨ ਸਲਾਰੀਆ ਦੀ ਨਾਰਾਜ਼ਗੀ ਸੰਨੀ ਦਿਓਲ ਅਤੇ ਭਾਜਪਾ ਲਈ ਚੁਣੌਤੀ ਬਣ ਸਕਦੀ ਹੈ। ਬੇਸ਼ੱਕ ਅਜੇ ਤੱਕ ਇਨ੍ਹਾਂ ਦੋਵਾਂ ਆਗੂਆਂ ਨੇ ਚੋਣਾਂ ਦੌਰਾਨ ਪੁੱਟੇ ਜਾਣ ਵਾਲੇ ਅਗਲੇ ਕਦਮ ਸਬੰਧੀ ਜਨਤਕ ਤੌਰ 'ਤੇ ਕੋਈ ਖੁਲਾਸਾ ਨਹੀਂ ਕੀਤਾ ਪਰ ਕਵਿਤਾ ਖੰਨਾ ਅਤੇ ਸਵਰਨ ਸਲਾਰੀਆ ਨੇ ਸੰਨੀ ਦਿਓਲ ਨੂੰ ਮਿਲੀ ਟਿਕਟ ਦਾ ਸਵਾਗਤ ਕਰਨ ਦੀ ਬਜਾਏ ਆਪਣੀ ਨਾਰਾਜ਼ਗੀ ਹੀ ਜ਼ਾਹਿਰ ਕੀਤੀ ਹੈ। ਇਸ ਕਾਰਨ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਜੇਕਰ ਭਾਜਪਾ ਹਾਈਕਮਾਨ ਇਨ੍ਹਾਂ ਨਾਰਾਜ਼ ਦਾਅਵੇਦਾਰਾਂ ਨੂੰ ਸੰਤੁਸ਼ਟ ਤੇ ਸ਼ਾਂਤ ਕਰਨ 'ਚ ਅਸਫਲ ਰਹੀ ਤਾਂ ਸੰਨੀ ਦਿਓਲ ਲਈ ਇਨ੍ਹਾਂ ਚੋਣਾਂ ਦੌਰਾਨ ਇਨਾਂ ਦੋਵਾਂ ਦੇ ਸਮਰਥਕਾਂ ਦੀ ਨਾਰਾਜ਼ਗੀ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ।

ਸਾਰਾ ਦਿਨ ਆਜ਼ਾਦ ਚੋਣ ਲੜਨ ਦੇ ਰਹੇ ਚਰਚੇ
ਸੰਨੀ ਦਿਓਲ ਦੀ ਟਿਕਟ ਦਾ ਐਲਾਨ ਹੁੰਦਿਆਂ ਹੀ ਜਿੱਥੇ ਭਾਜਪਾ ਵਰਕਰ ਖੁਸ਼ੀ ਮਨਾਉਂਦੇ ਰਹੇ, ਉਸਦੇ ਨਾਲ ਹੀ ਇਹ ਖਬਰਾਂ ਵੀ ਸਾਹਮਣੇ ਆ ਗਈਆਂ ਕਿ ਕਵਿਤਾ ਖੰਨਾ ਅਤੇ ਸਵਰਨ ਸਲਾਰੀਆ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਕਾਂਗਰਸੀ ਵੀ ਇਨ੍ਹਾਂ ਦੋਵਾਂ ਆਗੂਆਂ ਦੇ ਪ੍ਰਤੀਕ੍ਰਮ ਦੀਆਂ ਸੂਹਾਂ ਲੈਂਦੇ ਰਹੇ।

ਹੈਰਾਨੀਜਨਕ ਹੈ ਪਾਰਟੀ ਦਾ ਫੈਸਲਾ : ਸਲਾਰੀਆ
ਗੁਰਦਾਸਪੁਰ ਹਲਕੇ ਤੋਂ ਜ਼ਿਮਨੀ ਚੋਣ ਲੜ ਚੁੱਕੇ ਅਤੇ ਇਸ ਵਾਰ ਟਿਕਟ ਦੀ ਉਮੀਦ ਰੱਖਣ ਵਾਲੇ ਸਵਰਨ ਸਲਾਰੀਆ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਦੁਬਾਰਾ ਪ੍ਰਧਾਨਮੰਤਰੀ ਦੇਖਣਾ ਚਾਹੁੰਦੇ ਹਨ ਪਰ ਗੁਰਦਾਸਪੁਰ ਦੀ ਸੀਟ ਸਬੰਧੀ ਪਾਰਟੀ ਵੱਲੋਂ ਲਿਆ ਗਿਆ ਫੈਸਲਾ ਨਾ ਸਿਰਫ ਹੈਰਾਨੀਜਨਕ ਹੈ, ਸਗੋਂ ਇਸ ਨੇ ਉਨ੍ਹਾਂ ਹਜ਼ਾਰਾਂ ਮਿਹਨਤੀ ਵਰਕਰਾਂ ਅਤੇ ਸਮਰਥਕਾਂ ਨੂੰ ਕਿਸੇ ਹੱਦ ਤੱਕ ਦੁਖੀ ਵੀ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਇਸ ਹਲਕੇ ਅੰਦਰ ਦਿਨ-ਰਾਤ ਕੰਮ ਕਰਕੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਸੀ। ਪਰ ਐਨ ਮੌਕੇ 'ਤੇ ਪਾਰਟੀ ਨੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਤੋਂ ਵਾਪਸ ਆ ਕੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਾਂਗਾ ਜਿਸ ਦੇ ਬਾਅਦ ਆਜ਼ਾਦ ਚੋਣ ਲੜਨ ਜਾਂ ਕਿਸੇ ਹੋਰ ਰਣਨੀਤੀ ਸਬੰਧੀ ਖੁਲਾਸਾ ਕੀਤਾ ਜਾਵੇਗਾ।

26 ਨੂੰ ਕਵਿਤਾ ਖੰਨਾ ਅਤੇ 27 ਨੂੰ ਸਲਾਰੀਆ ਵੱਲੋਂ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
ਕਵਿਤਾ ਖੰਨਾ ਦਿੱਲੀ ਤੋਂ ਮੁੰਬਈ ਰਵਾਨਾ ਹੋ ਗਏ ਹਨ, ਜਿਸ ਸਬੰਧੀ ਉਨ੍ਹਾਂ 'ਜਗ ਬਾਣੀ' ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਹੋਰ ਕਰੀਬੀਆਂ ਨਾਲ ਸਲਾਹ ਮਸ਼ਵਰਾ ਕਰਨ ਦੇ ਬਾਅਦ ਮੁੰਬਈ ਤੋਂ ਵਾਪਸ ਦਿੱਲੀ ਆ ਜਾਣਗੇ। ਜਿਸ ਦੇ ਬਾਅਦ ਉਹ 26 ਅਪ੍ਰੈਲ ਨੂੰ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਚੋਣਾਂ ਦੌਰਾਨ ਆਪਣੀ ਅਗਲੀ ਰਣਨੀਤੀ ਬਾਰੇ ਸਥਿਤੀ ਸਪੱਸ਼ਟ ਕਰਨਗੇ। ਸਵਰਨ ਸਲਾਰੀਆ ਨੇ ਵੀ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ 27 ਅਪ੍ਰੈਲ ਨੂੰ ਦੀਨਾਨਗਰ ਨੇੜਲੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।

Anuradha

This news is Content Editor Anuradha