ਕਰਤਾਰਪੁਰ ਸਾਹਿਬ ਪਹਿਲੀ ਵਰ੍ਹੇਗੰਢ : ਕਾਫ਼ਲਾ ਮੁਹੱਬਤ ਦਾ, ਜੋ ਰੂਹਾਨੀਅਤ ਸੰਗ ਆਬਾਦ ਹੋਇਆ

11/10/2020 12:38:09 PM

ਹਰਪ੍ਰੀਤ ਸਿੰਘ ਕਾਹਲੋਂ 

ਕਰਤਾਰਪੁਰ ਸਾਹਿਬ ਦਰਸ਼ਨਾਂ ਨੂੰ ਆਏ ਗੁਰਬਖਸ਼ ਸਿੰਘ ਕਹਿੰਦੇ ਹਨ ਕਿ 72 ਸਾਲ ਪਹਿਲਾਂ, ਜੋ ਵੰਡ ਹੋਈ, ਉਹ ਸਾਥੋਂ ਪੁੱਛ ਕੇ ਨਹੀਂ ਸੀ ਕੀਤੀ। ਮੇਰਾ ਪਿਓ ਇਸ ਪਾਸੇ ਇਸ ਉਮੀਦ ਨਾਲ ਆਇਆ ਸੀ ਕਿ ਹਾਲਾਤ ਠੀਕ ਹੁੰਦਿਆਂ ਹੀ ਉਹ ਵਾਪਸ ਆਪਣੇ ਪਿੰਡ ਪਰਤ ਜਾਵੇਗਾ। ਉਹ ਸਾਰੀ ਜ਼ਿੰਦਗੀ ਆਪਣੇ ਲਾਇਲਪੁਰ ਵਿੱਚ ਵੱਸਦੇ ਪਿੰਡ ਨੂੰ ਯਾਦ ਕਰਦਿਆਂ ਹੀ ਰੱਬ ਨੂੰ ਪਿਆਰਾ ਹੋ ਗਿਆ।

ਗੁਰਬਖ਼ਸ਼ ਸਿੰਘ ਦੇ ਪਿਤਾ ਦੇ ਬਿਆਨ ਵਰਗੇ ਬਿਆਨ ਉਨ੍ਹਾਂ ਲੱਖਾਂ ਕਰੋੜਾਂ ਪਰਿਵਾਰਾਂ ਦੇ ਹਨ, ਜਿਹੜੇ ਵੰਡ ਦਾ ਸ਼ਿਕਾਰ ਹੋ ਗਏ। ਇਨ੍ਹਾਂ ਪਰਿਵਾਰਾਂ ਨੇ ਜਦੋਂ ਸੱਚ ਦਾ ਸਾਹਮਣਾ ਕੀਤਾ ਤਾਂ ਅਗਲੀ ਉਮੀਦ ਇਹ ਬਣੀ ਸੀ ਕਿ ਅਸੀਂ ਵੇਲੇ ਕੁਵੇਲੇ ਆਪਣੇ ਪਿੰਡਾਂ ਨੂੰ ਜਾਇਆ ਕਰਾਂਗੇ। ਭਾਰਤ ਅਤੇ ਪਾਕਿਸਤਾਨ ਦੇ ਸਾਲ ਦਰ ਸਾਲ ਬਦਲਦੇ ਸਿਆਸੀ ਸਮੀਕਰਨਾਂ ਨੇ ਖੁੱਸੀ ਧਰਤੀ ਦੇ ਇਨ੍ਹਾਂ ਬੰਦਿਆਂ ਦੇ ਇਹ ਅਹਿਸਾਸ ਵੀ ਨਾ ਸਮਝੇ। ਇਸ ਲਿਹਾਜ਼ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਮਝ ਕੇ ਵੇਖੋ ਤਾਂ ਇਹ ਪਿਛਲੇ ਸੱਤ ਦਹਾਕਿਆਂ ਦੀ ਉਮੀਦ ਭਰੀ ਸਭ ਤੋਂ ਵੱਡੀ ਖ਼ਬਰ ਬਣ ਕੇ ਉੱਭਰੀ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਨੇ ਆਪਣੀ ਹੋਣੀ ਨਾਲ ਸਮਝੌਤਾ ਕਰ ਲਿਆ ਹੈ। ਇਸ ਸਭ ਦੇ ਦਰਮਿਆਨ ਤੀਜੀ ਪੀੜ੍ਹੀ ਤੱਕ ਆਉਂਦੇ ਆਉਂਦੇ ਇਹ ਉਮੀਦ ਸਦਾ ਜਿਉਂਦੀ ਰਹੀ ਹੈ ਕਿ ਲੋਕ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹਨ । 

ਗੁਰੂ ਨਾਨਕ ਦਾ ਦਰ 
ਵੰਡ ਨੇ ਸਿਰਫ਼ ਧਰਤੀ ਨਹੀਂ ਵੰਡੀ, ਸਗੋਂ ਧਰਤੀ ਦੇ ਨਾਲ-ਨਾਲ ਲੋਕਾਂ ਦੀਆਂ ਸਾਂਝਾਂ ਵੀ ਵੰਡੀਆਂ ਗਈਆਂ। ਸਿੱਖਾਂ ਲਈ ਇਹ ਬਹੁਤ ਵੱਡਾ ਜ਼ਖ਼ਮ ਸੀ ਕਿ ਉਨ੍ਹਾਂ ਦੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਅਸਥਾਨ ਪਾਕਿਸਤਾਨ ਵਿੱਚ ਹੋਵੇ ਅਤੇ ਦੂਜਾ ਦਰ ਉਹ ਹੋਵੇ, ਜਿੱਥੇ ਉਹ ਜੋਤੀ ਜੋਤ ਸਮਾਏ ਹੋਣ ਪਰ ਉਹ ਉਸ ਦਰ ’ਤੇ ਆ ਕੇ ਸਿਜਦਾ ਨਾ ਕਰ ਸਕਣ। ਦੋਹਾਂ ਦੇਸ਼ਾਂ ਵਿੱਚ ਆਉਣ ਜਾਣ ਲਈ ਦਰਸ਼ਨ ਵੀਜ਼ਿਆਂ ਦੇ ਮੁਹਤਾਜ ਹੋ ਗਏ ਸਨ। ਇਸੇ ਤੜਪ ਵਿੱਚੋਂ ਸਿੱਖਾਂ ਦੀ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਨਿਕਲੀ। ਹੁਣ ਸੰਗਤਾਂ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਕਿਛ ਸੁਣੀਐ ਕਿਛੁ ਕਹੀਏ
ਗੱਖੜ ਮੰਡੀ ਨਾਰੋਵਾਲ ਕਰਤਾਰਪੁਰ ਸਾਹਿਬ ਦੇ ਨੇੜੇ ਦਾ ਪਿੰਡ ਹੈ। ਇੱਥੋਂ ਬਿਲਾਲ ਗੁੱਜਰ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦੁਆ ਕਰਨ ਆਇਆ ਸੀ। ਬਿਲਾਲ ਦੱਸਦਾ ਹੈ ਕਿ ਉਨ੍ਹਾਂ ਦੇ ਪਿੰਡਾਂ ਵੱਲ ਗੁੱਜਰ ਬਰਾਦਰੀ ਵੱਡੀ ਗਿਣਤੀ ਵਿੱਚ ਰਹਿੰਦੀ ਹੈ। ਬਿਲਾਲ ਦੇ ਪੁਰਖੇ ਪਿੱਛੋਂ ਪਠਾਨਕੋਟ ਸਰਹੱਦ ਦੇ ਨੇੜੇ ਜੰਮੂ ਵਾਲੇ ਹਿੱਸੇ ਤੋਂ ਆਏ ਸਨ। ਉਹ ਅਕਸਰ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਨੂੰ ਆਉਂਦੇ ਰਹਿੰਦੇ ਹਨ। ਮੱਥਾ ਟੇਕਣ ਤੋਂ ਬਾਅਦ ਚੜ੍ਹਦੇ ਪੰਜਾਬ ਤੋਂ ਗਏ ਅਸੀਂ ਅਤੇ ਬਿਲਾਲ ਦੇ ਨਾਲ ਆਏ ਹੋਏ ਸਾਰੇ ਸਾਥੀ ਇਕੱਠੇ ਗੁਰਦੁਆਰਾ ਸਾਹਿਬ ਦੇ ਹਦੂਦ ’ਚ ਬਹਿ ਜਾਂਦੇ ਹਾਂ। ਬਿਲਾਲ ਬਹੁਤ ਚਾਹ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਿੱਖ ਇਤਿਹਾਸ ਬਾਰੇ ਸਾਥੋਂ ਜਾਨਣਾ ਚਾਹੁੰਦਾ ਹੈ। ਸਾਡੇ ਨਾਲ ਗਿਆ ਰਾਹੋਂ ਤੋਂ ਸਾਡਾ ਮਿੱਤਰ ਗੰਗਵੀਰ ਰਾਠੌਰ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਬਾਰੇ ਦੱਸਦਾ ਹੈ। ਇਸ ਤੋਂ ਬਾਅਦ ਗੱਲ ਅੱਗੇ ਤੁਰਦੀ ਹੈ ਅਤੇ ਜੇਕਰ ਦਸਵੰਧ ਦਾ ਆਉਂਦਾ ਹੈ। ਬਿਲਾਲ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਅਤੇ ਉਸ ਮੁਤਾਬਕ ਸਾਡੇ ਇਸਲਾਮ ਵਿੱਚ ਵੀ ਸਾਨੂੰ ਇਹੋ ਸਿੱਖਿਆਵਾਂ ਦਿੱਤੀਆਂ ਗਈਆਂ ਹਨ। ਅਜਿਹੀਆਂ ਨਿੱਕੀਆਂ ਨਿੱਕੀਆਂ ਮਜਲਸਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿਹੜੇ ਵਿੱਚ ਆਮ ਹੀ ਲੱਗਦੀਆਂ ਹਨ ਅਤੇ ਲੋਕ ਇੱਕ ਦੂਜੇ ਦੇ ਧਰਮਾਂ ਬਾਰੇ ਜਾਣਕਾਰੀ ਲੈਂਦੇ ਹਨ। ਬਿਲਾਲ ਮੁਤਾਬਕ ਇਹ ਬਹੁਤ ਸੋਹਣਾ ਉੱਦਮ ਹੈ ਕਿ ਅਸੀਂ ਇੱਕ ਦੂਜੇ ਬਾਰੇ ਜਾਣੂ ਹੋਈਏ। ਆਪਣੀ ਗੱਲ ਨੂੰ ਅੱਗੇ ਤੋਰਦਾ ਹੋਇਆ ਉਹ ਕਹਿੰਦਾ ਹੈ,"ਬਹੁਤੇ ਲੋਕ ਇੱਕ ਦੂਜੇ ਤੋਂ ਡਰੇ ਹੋਏ ਹਨ ਜਾਂ ਇੱਕ ਦੂਜੇ ਨਾਲ ਨਫ਼ਰਤ ਸਿਰਫ਼ ਇਸ ਕਰਕੇ ਕਰਦੇ ਹਨ, ਕਿਉਂਕਿ ਉਹ ਇੱਕ ਦੂਜੇ ਨੂੰ ਜਾਣਦੇ ਨਹੀਂ। ਜਿੱਦਣ ਦੋ ਵੱਖ-ਵੱਖ ਧਰਮ ਅਤੇ ਰਵਾਇਤਾਂ ਦੇ ਬੰਦੇ ਇੱਕ ਦੂਜੇ ਨੂੰ ਜਾਨ ਲੈਣਗੇ ਤਾਂ ਉਨ੍ਹਾਂ ਦੇ ਸਾਰੇ ਫ਼ਰਕ ਮਿਟ ਜਾਂਦੇ ਹਨ।" 

ਮੁਕੱਦਸ ਧਰਤੀ ਦੀ ਪਹਿਲੀ ਛੋਹ 
ਸਬਾ ਪਰਵੇਜ਼ ਕਿਆਨੀ ਲਾਹੌਰ ਦੀ ਰਹਿਣ ਵਾਲੀ ਹੈ। ਸਬਾ ਦੀ ਸਿੱਖ ਧਰਮ ਨਾਲ ਪਹਿਲੀ ਪਛਾਣ ਸਾਈਂ ਮੀਆਂ ਮੀਰ ਦੀ ਦਰਗਾਹ ਤੋਂ ਹੋਈ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ ਤਾਂ ਸਿੱਖ ਧਰਮ ਬਾਰੇ ਜਾਨਣ ਦੀ ਉਹਦੀ ਇੱਛਾ ਹੋਰ ਹੋਈ। ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਦੀ ਇਸੇ ਤੰਦ ਵਿੱਚੋਂ ਸਬਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਆਈ। ਸਬਾ ਸਭਾ ਕਹਿੰਦੀ ਹੈ ਕਿ ਪੰਜਾਬ ਦੀਆਂ ਸਾਂਝਾਂ ਦੀ ਇਸ ਤੰਦ ਵਿੱਚ ਬਹੁਤ ਉਮੀਦ ਹੈ ਅਤੇ ਇਸੇ ਉਮੀਦ ਸਦਕੇ ਇੱਕ ਦਿਨ ਪੰਜਾਬ ਦੁਨੀਆਂ ਨੂੰ ਸਭ ਤੋਂ ਸ਼ਾਂਤ ਖ਼ੇਤਰ ਦੀ ਨੁਹਾਰ ਬਖਸ਼ੇਗਾ।

440 ਕਿਲੋਮੀਟਰ ਅਤੇ ਇੱਕ ਨਿੱਘੀ ਗਲਵੱਕੜੀ
22 ਸਾਲ ਦਾ ਫੈਜ਼ਲ ਹਯਾਤ ਪੱਤਰਕਾਰੀ ਦੀ ਪੜ੍ਹਾਈ ਕਰ ਰਿਹਾ ਹੈ। ਫੈਜ਼ਲ ਹਯਾਤ ਦੇ ਬਜ਼ੁਰਗ ਵੰਡ ਵੇਲੇ ਅੰਮ੍ਰਿਤਸਰ ਤੋਂ ਰਾਵਲਪਿੰਡੀ ਨੂੰ ਗਏ ਸਨ। ਵੰਡ ਦੀ ਇਸੇ ਤੰਦ ਵਿੱਚੋਂ ਫੈਜ਼ਲ ਹਯਾਤ ਨੇ ਆਪਣੇ ਬਜ਼ੁਰਗਾਂ ਤੋਂ ਕਈ ਕਹਾਣੀਆਂ ਸੁਣੀਆਂ। ਫੈਜ਼ਲ ਦੀ ਦੋਸਤੀ ਭਾਰਤ ਵਿੱਚ ਲੁਧਿਆਣੇ ਦੇ ਸੰਦੀਪ ਦੱਤ ਨਾਲ ਹੋਈ। ਦੋਵਾਂ ਮਿੱਤਰਾਂ ਨੇ ਮਿਲ ਕੇ ਫੇਸਬੁੱਕ ਤੇ 'ਬੋਲਤੀ ਖਿੜਕੀ' ਨਾਮ ਦਾ ਸਫ਼ਾ ਸ਼ੁਰੂ ਕੀਤਾ, ਜਿਸ ਵਿੱਚ ਉਹ ਵੰਡ ’ਚ ਪਿੱਛੇ ਛੱਡ ਆਏ ਘਰਾਂ ਦੀਆਂ ਕਹਾਣੀਆਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚੋਂ ਸੁਣਾਉਂਦੇ ਸਨ। ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ’ਚ ਪਿੱਛੇ ਛੁੱਟ ਗਏ ਘਰਾਂ ਦੀ, ਗੁਆਂਢ ਦੀ ਆਪਸੀ ਸਾਂਝ ਪੈਣੀ ਸ਼ੁਰੂ ਹੋਈ, ਜਿਸ ਨੂੰ ਫੇਸਬੁੱਕ ਉੱਤੇ ਭਰਵਾਂ ਹੁੰਗਾਰਾ ਮਿਲਿਆ । ਫੈਜ਼ਲ ਪਿੰਡੀ ਤੋਂ 440 ਕਿਲੋਮੀਟਰ ਦਾ ਸਫ਼ਰ ਕਰਕੇ ਰਾਤੋਂ ਰਾਤ ਕਰਤਾਰਪੁਰ ਸਾਹਿਬ ਵਿਖੇ ਪਹੁੰਚਿਆ।

ਫੈਜ਼ਲ ਹਯਾਤ ਵਰਗੇ ਨਿੱਕੀ ਉਮਰ ਦੇ ਮੁੰਡਿਆਂ ਵਿੱਚ ਨਫ਼ਰਤਾਂ ਨੂੰ ਟਿੱਚ ਜਾਣ ਕੇ ਮੁਹੱਬਤਾਂ ਵੰਡਣ ਦਾ ਹੁਨਰ ਸਾਂਝੀਵਾਲਤਾ ਦਾ ਗੀਤ ਹੈ। ਫੈਜ਼ਲ ਦੋਸਤੀ ਦੀ ਸੌਗਾਤ ਵਜੋਂ ਪਿੰਡੀ ਤੋਂ ਖ੍ਹੈੜੀ ਅਤੇ ਸ਼ਾਲ ਲੈ ਕੇ ਆਇਆ ਸੀ ਪਰ ਕਸਟਮ ਵਾਲਿਆਂ ਨੇ ਉਹ ਅੱਗੇ ਜਾਣ ਨਾ ਦਿੱਤੀ। ਇਹਦਾ ਉਹਨੂੰ ਅਫ਼ਸੋਸ ਸੀ ਪਰ ਵੰਡ ਤੋਂ ਬਾਅਦ ਇਹ ਮੁੱਕਦਸ ਧਰਤੀ ਸਾਂਝੇ ਪੰਜਾਬ ਦੀ ਅਜਿਹੀ ਮਜਲਿਸ ਬਣੀ ਹੈ ਕਿ ਲੋਕ ਮੋਏ ਮਿੱਤਰਾਂ ਨੂੰ ਯਾਦ ਕਰਦਿਆਂ ਸਾਂਝੀ ਮਿੱਟੀ ਦੀ ਬਾਤ ਪਾਉਂਦੇ ਹਨ। ਇਹ ਲੋਕ ਹੀ ਉਮੀਦ ਦੇ ਬੰਦੇ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਵਾਰਿਸ ਬੁੱਲ੍ਹੇ ਦੀ ਸਾਂਝੀ ਧਰਤੀ ਦੀ ਉਮੀਦ ਹੈ ।

ਪੜ੍ਹੋ ਇਹ ਵੀ ਖ਼ਬਰ - ਵੰਡ 1947 ਤੋਂ ਪਹਿਲਾਂ ਦੀ ਕਹਾਣੀ ਜਾਣੋਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਦੀ ਜ਼ੁਬਾਨੀ

ਪੜ੍ਹੋ ਇਹ ਵੀ ਖ਼ਬਰ - ਜਦੋਂ ਕਰਤਾਰਪੁਰ ਸਾਹਿਬ ਵਿਖੇ ਮਨਾਈ ਵਿਆਹ ਵੀ 50ਵੀਂ ਵਰ੍ਹੇਗੰਢ

ਪੜ੍ਹੋ ਇਹ ਵੀ ਖ਼ਬਰ - 1 ਸਾਲ ਬਾਅਦ : ਕਰਤਾਰਪੁਰ ਸਾਹਿਬ ਲਾਂਘਾ ਅਤੇ ਸਿਆਸੀ ਘੁੰਮਣਘੇਰੀਆਂ ਦੇ ਬਾਵਜੂਦ 'ਸਾਂਝ ਦੀ ਉਮੀਦ'

rajwinder kaur

This news is Content Editor rajwinder kaur