ਨਾਜਾਇਜ਼ ਤਰੀਕੇ ਨਾਲ ਕਰਤਾਰਪੁਰ ਸਾਹਿਬ ਨੂੰ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ

12/06/2019 7:44:48 PM

ਡੇਰਾ ਬਾਬਾ ਨਾਨਕ/ਗੁਰਦਾਸਪੁਰ,(ਵਿਨੋਦ/ਵਤਨ) : ਇਕ ਅਮਰੀਕਨ ਸਿੱਖ ਨਾਗਰਿਕ ਵੱਲੋਂ ਡੇਰਾ ਬਾਬਾ ਨਾਨਕ ਤੋਂ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਾਜਾਇਜ਼ ਢੰਗ ਨਾਲ ਜਾਣ ਸੰਬੰਧੀ ਸੀਮਾ ਸੁਰੱਖਿਆ ਬਲ ਨੇ ਹਿਰਾਸਤ 'ਚ ਲੈ ਕੇ ਅਗਲੀ ਪੁੱਛਗਿਛ ਦੇ ਲਈ ਡੇਰਾ ਬਾਬਾ ਨਾਨਕ ਪੁਲਸ ਹਵਾਲੇ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਮਾ ਸੁਰੱਖਿਆ ਬਲ ਦੇ ਸੈਕਟਰ ਹੈਡਕੁਆਰਟ ਗੁਰਦਾਸਪੁਰ ਦੇ ਡੀ. ਆਈ. ਜੀ. ਰਾਜੇਸ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਜਦ ਜੱਥਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਲੱਗਾ ਤਾਂ ਉਸ 'ਚ ਇਕ ਸਿੱਖ ਨੌਜਵਾਨ ਨਾਜਾਇਜ਼ ਢੰਗ ਨਾਲ ਜਾਣ ਦੀ ਕੌਸ਼ਿਸ 'ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਹੱਥ ਲੱਗ ਗਿਆ।

ਉਨ੍ਹਾਂ ਦੱਸਿਆ ਕਿ ਜਦ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਪਾਇਆ ਗਿਆ ਕਿ ਉਹ ਇਕ ਅਮਰੀਕਾ ਦਾ ਨਾਗਰਿਕ ਹੈ ਤੇ ਉਸ ਦਾ ਨਾਮ ਟਿਵਾਣਾ ਅੰਮ੍ਰਿਤ ਸਿੰਘ ਪੁੱਤਰ ਅਪਰ ਅਪਾਰ ਸਿੰਘ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿਛ 'ਚ ਪਤਾ ਲੱਗਾ ਹੈ ਕਿ ਉਹ ਕਾਫੀ ਸਮਾਂ ਪਹਿਲਾ ਪੰਜਾਬ ਦੇ ਸ਼ਹਿਰ ਸਾਹਨੇਵਾਲ ਦਾ ਨਿਵਾਸੀ ਸੀ ਤੇ ਲੰਮੇ ਸਮੇ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਤੇ ਉਥੋਂ ਦਾ ਪੱਕਾ ਨਾਗਰਿਕ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਕੋਲ ਅਮਰੀਕਾ ਦਾ ਹੀ ਪਾਸਪੋਰਟ ਮਿਲਿਆ ਹੈ ਤੇ ਮੁੱਢਲੀ ਪੁੱਛਗਿਛ ਵਿਚ ਇਹ ਪਤਾ ਲੱਗਾ ਹੈ ਕਿ ਉਹ ਬਿਨਾ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਪਾਕਿਸਤਾਨ ਜਾਣ ਦੀ ਕੌਸ਼ਿਸ 'ਚ ਸੀ। ਉਸ ਦੀਆਂ ਹਰਕਤਾਂ ਵੀ ਕੁਝ ਸ਼ੱਕੀ ਹੋਣ ਦੇ ਕਾਰਨ ਉਸ ਨੂੰ ਪੁੱਛਗਿਛ ਦੇ ਲਈ ਡੇਰਾ ਬਾਬਾ ਨਾਨਕ ਪੁਲਸ ਦੇ ਹਵਾਲੇ ਕੀਤਾ ਗਿਆ ਹੈ ਕਿਉਂਕਿ ਸੀਮਾ ਸੁਰੱਖਿਆ ਬਲ ਦਾ ਮੁੱਖ ਡਿਊਟੀ ਇਸ ਡੇਰਾ ਬਾਬਾ ਨਾਨਕ ਦੇ ਟਰਮੀਨਲ ਤੇ ਇਸ ਤਰ੍ਹਾਂ ਦੀ ਸੁਰੱਖਿਆ ਦੇ ਲਈ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੇ ਵਿਰੁੱਧ ਅਗਲੀ ਕਾਰਵਾਈ ਡੇਰਾ ਬਾਬਾ ਨਾਨਕ ਕਰੇਗੀ।