ਪਾਕਿਸਤਾਨ : ਹਨ੍ਹੇਰੀ ਕਾਰਨ ਕਰਤਾਰਪੁਰ ਗੁਰਦੁਆਰੇ ਦੀ ਚਾਰਦਿਵਾਰੀ ਦੇ 4 ਗੁੰਬਦ ਡਿੱਗੇ

04/18/2020 11:48:32 PM

ਕਰਤਾਰਪੁਰ (ਏਜੰਸੀ)- ਪਿਛਲੇ ਸਾਲ ਪਾਕਿਸਤਾਨ ਦੇ ਕਰਤਾਰਪੁਰ ਵਿਚ ਭਾਰਤੀ ਸਿੱਖਾਂ ਲਈ ਖੁੱਲ੍ਹੇ ਕਰਤਾਰਪੁਰ ਗੁਰਦੁਆਰੇ ਦਾ ਹਿੱਸਾ ਨੁਕਸਾਨਿਆ ਗਿਆ। ਦਰਅਸਲ ਸ਼ੁੱਕਰਵਾਰ ਨੂੰ ਆਈ ਹਨ੍ਹੇਰੀ ਵਿਚ ਇਥੇ ਗੁੰਬਦ ਟੁੱਟ ਕੇ ਹੇਠਾਂ ਡਿੱਗ ਗਏ। ਦੱਸ ਦਈਏ ਕਿ ਪਿਛਲੇ ਸਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਾਂਘਾ ਖੋਲ੍ਹਿਆ ਗਿਆ ਸੀ ਅਤੇ ਇਹ ਗੁੰਬਦ ਕੁਝ ਮਹੀਨੇ ਪਹਿਲਾਂ ਹੀ ਬਣਵਾਏ ਗਏ ਸਨ। ਸਰਹੱਦ 'ਤੇ ਦੋਹਾਂ ਪਾਸੇ ਸ਼ੁੱਕਰਵਾਰ ਨੂੰ ਤੇਜ਼ ਹਨ੍ਹੇਰੀ ਅਤੇ ਤੂਫਾਨ ਆਇਆ ਸੀ।

ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਚਾਰ ਗੁੰਬਦ ਤੇਜ਼ ਹਨ੍ਹੇਰੀ ਕਾਰਨ ਹੇਠਾਂ ਡਿੱਗ ਗਏ। ਕਰਤਾਰਪੁਰ 'ਚ ਹੀ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦੇ 18 ਸਾਲ ਬਿਤਾਏ ਸਨ। ਇਸ ਲਈ ਸਿੱਖਾਂ ਵਿਚ ਇਸ ਦੀ ਬਹੁਤ ਅਹਿਮੀਅਤ ਹੈ। ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਲਾਂਘਾ ਖੋਲ੍ਹਿਆ ਗਿਆ, ਜਿਸ ਨਾਲ ਭਾਰਤੀਆਂ ਨੂੰ ਬਿਨਾਂ ਵੀਜ਼ਾ ਉਥੇ ਜਾਣ ਦੀ ਇਜਾਜ਼ਤ ਮਿਲ ਗਈ।

ਸਿੱਖ ਭਾਈਚਾਰਾ ਇਸ ਘਟਨਾ ਤੋਂ ਬਹੁਤ ਹੀ ਨਾਰਾਜ਼ ਹੋਇਆ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਨੇ ਜਿਸ ਤਰ੍ਹਾਂ ਨਾਲ ਇਹ ਨਿਰਮਾਣ ਕਰਵਾਇਆ ਹੈ, ਉਹ ਸਹੀ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਗੁੰਬਦਾਂ ਦਾ ਨਿਰਮਾਣ ਸੀਮੈਂਟ ਨਹੀਂ ਸਗੋਂ ਫਾਈਬਰ ਨਾਲ ਕੀਤਾ ਗਿਆ ਸੀ। ਉਥੇ ਹੀ ਮਾਰਚ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

Sunny Mehra

This news is Content Editor Sunny Mehra