ਕਰਤਾਰਪੁਰ ਲਾਂਘਾ : ਜ਼ੀਰੋ ਲਾਈਨ ''ਤੇ ਲੱਗਣਗੀਆਂ 10 ਦੂਰਬੀਨਾਂ

09/23/2019 6:52:05 PM

ਡੇਰਾ ਬਾਬਾ ਨਾਨਕ/ਬਟਾਲਾ : ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਵਿਖੇ 300 ਫੁੱਟ ਉਚਾ ਕੌਮੀ ਝੰਡਾ ਅਤੇ ਸ਼ਰਧਾਲੂਆਂ ਲਈ ਦਸ ਦੂਰਬੀਨਾਂ ਲਗਾਈਆਂ ਜਾਣਗੀਆਂ। ਇਸ ਦਾ ਫੈਸਲਾ ਡੇਰਾ ਬਾਬਾ ਨਾਨਕ ਵਿਖੇ ਲੈਂਡ ਪੋਰਟ ਅਥਾਰਟੀ ਦੇ ਡਾਇਰੈਕਟਰ ਅਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜ਼ੀਰੋ ਲਾਈਨ ਤੱਕ ਟੈਂਪੂ ਅਤੇ ਹੋਰ ਵਾਹਨਾਂ ਨੂੰ ਲੈ ਕੇ ਜਾਣ ਸਬੰਧੀ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ 31 ਅਕਤੂਬਰ ਤੱਕ ਸ਼ਰਧਾਲੂਆਂ ਦੇ ਪਹਿਲੇ ਜਥੇ ਲਈ ਲੋੜੀਂਦੇ ਪ੍ਰਬੰਧ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡੀ. ਸੀ. ਵਿਪੁੱਲ ਉਜਵਲ, ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਸਮੇਤ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਬੀਐਸਐਫ ਦੇ ਅਧਿਕਾਰੀ ਹਾਜ਼ਰ ਸਨ।

ਲੈਂਡ ਪੋਰਟ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਰਮਨ ਕੁਮਾਰ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਦੌਰਾਨ ਕਰਤਾਰਪੁਰ ਸਾਹਿਬ ਦੇ ਚੱਲ ਰਹੇ ਕੰਮਾਂ ਬਾਰੇ ਹਰ ਹਫਤੇ ਸਮੀਖਿਆ ਕੀਤੇ ਜਾਣ 'ਤੇ ਸਹਿਮਤੀ ਬਣੀ। ਇਸੇ ਤਰ੍ਹਾਂ ਬੀ. ਐੱਸ. ਐੱਫ. ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਚੈੱਕ ਪੋਸਟ ਅਤੇ ਚੈੱਕ ਪੁਆਇਟਾਂ ਦੀ ਹਰ ਹਾਲਤ ਵਿਚ ਸਮੀਖਿਆ ਕਰਨ। ਮੀਟਿੰਗ ਦੌਰਾਨ ਚਰਚਾ ਹੋਈ ਕਿ ਸੰਗਤਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਕੌਮਾਂਤਰੀ ਸੀਮਾ 'ਤੇ ਸਕਰੀਨਾਂ ਲਾ ਕੇ ਸੰਗਤਾਂ ਨੂੰ ਲਾਈਵ ਦਰਸ਼ਨ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਅਜਿਹੀ ਇਕ ਹੋਰ ਮੀਟਿੰਗ 13 ਅਕਤੂਬਰ ਤੱਕ ਕੀਤੀ ਜਾਵੇਗੀ।

Gurminder Singh

This news is Content Editor Gurminder Singh