ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਲੱਗੇਗਾ 50 ਫੁੱਟ ਉੱਚਾ ੴ ਦਾ ਚਿੰਨ੍ਹ

10/18/2019 9:54:37 AM

ਡੇਰਾ ਬਾਬਾ ਨਾਨਕ (ਵਤਨ) : ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦਾ ਸਮਾਂ ਜਿਉਂ-ਜਿਉਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਲੈਂਡ ਪੋਰਟ ਅਥਾਰਟੀ ਵੱਲੋਂ ਉਸਾਰੀ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ । ਬੀਤੇ ਦਿਨੀਂ ਭਾਰਤ ਦੇ ਗ੍ਰਹਿ ਸਕੱਤਰ, ਨੈਸ਼ਨਲ ਹਾਈਵੇ ਆਫ ਇੰਡੀਆ ਦੇ ਚੇਅਰਮੈਨ ਅਤੇ ਲੈਂਡ ਪੋਰਟ ਅਥਾਰਟੀ ਭਾਰਤ ਸਰਕਾਰ ਵੱਲੋਂ ਕੀਤੀਆਂ ਫੇਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਕੰਮ ਜੰਗੀ ਪੱਧਰ 'ਤੇ ਹੋ ਰਹੇ ਹਨ।

ਲੈਂਡ ਪੋਰਟ ਅਥਾਰਟੀ ਵੱਲੋਂ ਜਿਥੇ ਯਾਤਰੀ ਟਰਮੀਨਲ ਦੇ ਉਸਾਰੀ ਵਿਚ ਦਿਨ-ਰਾਤ ਕੰਮ ਕਰ ਰਹੀ ਹੈ, ਉਥੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਫੋਰਲੇਨ ਸੜਕ ਦਾ ਕੰਮ ਮੁਕੰਮਲ ਕਰ ਲੈਣ ਤੋਂ ਬਾਅਦ ਸਰਵਿਸ ਰੋਡ ਅਤੇ ਫੁੱਟਪਾਥ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ । ਸੜਕ ਦੀ ਸਜ਼ਾਵਟ ਲਈ ਕੰਮ ਚੱਲ ਰਹੇ ਹਨ। ਨੈਸ਼ਨਲ ਹਾਈਵੇ ਵੱਲੋਂ ਫੋਰਲੇਨ ਸੜਕ ਦੇ ਕਿਨਾਰਿਆਂ 'ਤੇ ਸੁੰਦਰ ਪਿੱਲਰ ਲਗਾਏ ਜਾ ਰਹੇ ਹਨ, ਡੀਵਾਈਡਰਾਂ ਨੂੰ ਰੰਗ-ਰੋਗਨ ਕੀਤਾ ਜਾ ਰਿਹਾ ਹੈ। ਸੜਕ ਦੇ ਕਿਨਾਰੇ ਟੋਨ ਦੀਆਂ ਰੋਕਾਂ ਲਗਾਈਆਂ ਜਾ ਰਹੀਆਂ ਹਨ। ਸੜਕ ਵਿਚਕਾਰ ਸਾਈਨ ਬੋਰਡ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਥੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਸੜਕ ਦੀ ਸ਼ੁਰੂਆਤ ਹੁੰਦੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਗੋਲ ਚੌਕ ਬਣਾਇਆ ਜਾ ਰਿਹਾ ਹੈ, ਜਿਸ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਨੈਸ਼ਨਲ ਹਾਈਵੇ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਥਾਨ 'ਤੇ ਪੰਜਾਬ ਸਰਕਾਰ ਵੱਲੋਂ 50 ਫੁੱਟ ਉੱਚਾ ੴ ਦਾ ਚਿੰਨ੍ਹ ਲਗਾਇਆ ਜਾਣਾ ਹੈ। ਇਸ ਤੋਂ ਇਲਾਵਾ ਇਸ ਚੌਕ ਵਿਚ ਗੁਰਬਾਣੀ ਸ਼ਬਦਾਂ ਦੇ ਬੋਰਡ ਵੀ ਲਗਾਏ ਜਾਣਗੇ।

ਇਸ ਸਬੰਧੀ ਜਦੋਂ ਡੇਰਾ ਬਾਬਾ ਨਾਨਕ ਦੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੈ ਪਰ ਇਸ ਚੌਕ ਦੇ ਬਣਨ ਅਤੇ 50 ਫੁੱਟ ਉੱਚੇ ੴ ਚਿੰਨ੍ਹ ਲੱਗਣ ਨਾਲ ਕਰਤਾਰਪੁਰ ਲਾਂਘੇ ਦੀ ਦਿੱਖ ਹੋਰ ਵੀ ਦਿਲਖਿੱਚਵੀਂ ਹੋ ਜਾਵੇਗੀ।

cherry

This news is Content Editor cherry