ਕਰਤਾਰਪੁਰ ਲਾਂਘਾ ਖੁੱਲ੍ਹਣ ''ਤੇ ਸਿਆਸੀ ਆਗੂਆਂ ਨੇ ਸਾਂਝੇ ਕੀਤੇ ਜਜ਼ਬਾਤ

11/30/2018 6:19:45 PM

ਜਲੰਧਰ— ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਪੰਜਾਬ 'ਚ ਡੇਰਾ ਬਾਬਾ ਨਾਨਕ ਵਿਖੇ 26 ਨਵੰਬਰ ਨੂੰ ਰੱਖਿਆ ਗਿਆ ਸੀ ਜਦਕਿ 28 ਨਵੰਬਰ ਨੂੰ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਦੋਹਾਂ ਸਰਕਾਰਾਂ ਵੱਲੋਂ ਰੱਖੇ ਗਏ ਨੀਂਹ ਪੱਥਰ ਦੇ ਸਮਾਗਮਾਂ 'ਚ ਕਈ ਸਿਆਸੀ ਆਗੂ ਅਤੇ ਉੱਗੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸੀ। ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਸਿਆਸੀ ਆਗੂਆਂ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ। 

ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਨ-ਜਨ ਨੂੰ ਜੋੜਨ ਦਾ ਵੱਡਾ ਕਾਰਨ ਬਣੇਗਾ: ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਜ਼ਬਾਤ ਸਾਂਝੇ ਕੀਤੇ ਕਰਦੇ ਹੋਏ ਕਿਹਾ ਕਿ ਕੀਹਨੇ ਸੋਚਿਆ ਸੀ ਕਿ ਬਰਲਿਨ ਦੀ ਕੰਧ ਢਹਿ ਜਾਵੇਗੀ? ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦਾ ਫਲਸਫਾ ਇਸ ਯੁੱਗ ਦੀ ਉਮੀਦ ਹਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਨ-ਜਨ ਨੂੰ ਜੋੜਨ ਦਾ ਵੱਡਾ ਕਾਰਨ ਬਣੇਗਾ।”

ਕਰਤਾਰਪੁਰ ਲਾਂਘੇ ਦੀ ਖੁਸ਼ੀ ਅਜਿਹੀ ਹੈ, ਜਿਵੇਂ ਮੁਸਲਮਾਨਾਂ ਲਈ ਮਦੀਨਾ ਜਾਣਾ: ਇਮਰਾਨ ਖਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਹ ਖੁਸ਼ੀ ਅਜਿਹੀ ਹੈ, ਜਿਵੇਂ ਮੁਸਲਮਾਨਾਂ ਲਈ ਮਦੀਨਾ ਜਾਣਾ। ਮੇਰੇ ਸਿੱਖ ਭਰਾਵਾਂ ਦੇ ਚਿਹਰਿਆਂ 'ਤੇ ਖੁਸ਼ੀ ਨੂੰ ਅਸੀਂ ਬਿਹਤਰ ਤੋਂ ਬਿਹਤਰ ਕਰਦੇ ਜਾਵਾਂਗੇ ਅਤੇ 550 ਸਾਲਾ ਗੁਰੂ ਨਾਨਕ ਦੇਵ ਜੀ ਗੁਰਪੁਰਬ ਅਸੀਂ ਸ਼ਰਧਾ ਨਾਲ ਮਨਾਵਾਂਗੇ। ਜੇ ਸੰਸਾਰ ਜੰਗ ਦੇ ਦੁਸ਼ਮਣ ਫਰਾਂਸ ਅਤੇ ਜਰਮਨ ਅੱਜ ਇਕੱਠੇ ਰਹਿ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਤੁਹਾਡਾ ਇਕ ਕਦਮ ਦੋਸਤੀ ਵੱਲ ਸਾਨੂੰ ਦੋ ਕਦਮ ਦੋਸਤੀ ਵਧਾਉਣ ਲਈ ਉਤਸ਼ਾਹਤ ਕਰੇਗਾ।



ਬਾਬੇ ਨਾਨਕ ਦੇ ਫਲਸਫੇ ਦੀ ਪ੍ਰੇਰਣਾ ਹੈ ਕਿ ਹਿੰਦੁਸਤਾਨ ਜੀਵੇ ਪਾਕਿਸਤਾਨ ਜੀਵੇ: ਸਿੱਧੂ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਬੇ ਨਾਨਕ ਦੇ ਫਲਸਫੇ ਦੀ ਪ੍ਰੇਰਣਾ ਹੈ ਕਿ ਹਿੰਦੁਸਤਾਨ ਜੀਵੇ ਪਾਕਿਸਤਾਨ ਜੀਵੇ। ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਕਿ ਜਾਤ, ਰੰਗ, ਨਸਲ ਤੋਂ ਕੋਈ ਭੇਦ ਭਾਵ ਨਹੀਂ ਹੈ, ਇਸੇ ਲਈ ਉਹ ਸਭ ਦੇ ਸਾਂਝੇ ਹਨ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਸੋਚ ਹੈ, ਜੋ ਪਿਆਰ ਨਿਭਾਉਣ ਦਾ ਦਸਤੂਰ ਬਣੇਗਾ। ਸ੍ਰਿਸ਼ਟੀ ਨੂੰ ਬਦਲਣਾ ਹੈ ਤਾਂ ਦ੍ਰਿਸ਼ਟੀ ਨੂੰ ਬਦਲਣਾ ਪਵੇਗਾ। ਸ੍ਰੀ ਕਰਤਾਰਪੁਰ ਸਾਹਿਬ ਸਾਡੀ ਜੜ੍ਹ ਹੈ, ਇਸ ਕਾਇਨਾਤ ਨੂੰ ਮਿਲ ਕੇ ਤੁਸਾਂ ਸਾਡੀ ਝੋਲੀ ਭਰ ਦਿੱਤੀ ਹੈ। ਭਾਰਤ ਸਰਕਾਰ ਅਤੇ ਇਮਰਾਨ ਖਾਨ ਨੇ ਆਪਣੇ ਫਰਜ਼ ਨਿਭਾਏ ਹਨ। ਧਰਮ ਨੂੰ ਸਿਆਸਤ ਅਤੇ ਆਤੰਕ ਦੇ ਚਸ਼ਮੇ ਨਾਲ ਕਦੇ ਨਾ ਦੇਖੋ ਕਿਉਂਕਿ ਕੌਮ ਦਾ ਕੋਈ ਵਾਰਸ ਆਪਣੇ ਪਿਤਾ ਆਪਣੇ ਜਨਕ ਦੇ ਦਰਵਾਜ਼ੇ 'ਤੇ ਨਾ ਆ ਸਕੇ ਇਹ ਕਿਹੜੀ ਕਿਤਾਬ 'ਚ ਲਿਖਿਐ? ਸਾਡੀ ਅਰਦਾਸ 'ਚ ਸਰਬੱਤ ਦਾ ਭਲਾ ਹੈ, ਸੋ ਆਪਣੇ ਤੋਂ ਪਹਿਲਾਂ ਅਸੀਂ ਦੂਜਿਆਂ ਦਾ ਭਲਾ ਮੰਗਦੇ ਹਾਂ। ਖੂਨ ਖਰਾਬਾ ਬੰਦ ਹੋਵੇ, ਮਾਵਾਂ ਦੇ ਪੁੱਤ ਹੋਰ ਨਾ ਉਜੜਣ। ਸੋ ਇਹ ਲਾਂਘਾ ਉਹ ਸੰਪਰਕ ਹੈ, ਜੋ ਦਿਲਾਂ ਨੂੰ ਮਿਲਾਉਂਦਾ ਹੈ।

4 ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਲੱਗੇ 70 ਸਾਲ: ਹਰਸਿਮਰਤ ਕੌਰ ਬਾਦਲ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚਾਰ ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਸਾਨੂੰ 70 ਸਾਲ ਲੱਗ ਗਏ। ਇਹ ਲਾਂਘਾ ਸਾਨੂੰ ਜੋੜੇਗਾ। ਬਾਬੇ ਨਾਨਕ ਦੀ ਚਰਨ ਛੋਹ ਇਸੇ ਧਰਤੀ ਤੋਂ ਸਾਨੂੰ ਕਿਰਤ ਕਰਨ ਵੰਡ ਛਕਣ ਦੇ ਸੰਦੇਸ਼ ਮਿਲੇ। ਇਹ ਧਰਤੀ ਆਬਾਦ ਹੈ।

ਸ੍ਰੀ ਕਰਤਾਰਪੁਰ ਸਾਹਿਬ ਫਾਸਲਾ ਮਿਟਾਉਣ ਦਾ ਵੱਡਾ ਸਿਲਸਿਲਾ ਹੈ: ਕੁਰੈਸ਼ੀ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਫਾਸਲਾ ਮਿਟਾਉਣ ਦਾ ਵੱਡਾ ਸਿਲਸਿਲਾ ਹੈ ਅਤੇ ਇਹ ਸਿਆਸਤ ਤੋਂ ਦੂਰ ਅਮਨ ਦਾ ਰਾਹ ਹੈ। ਇਹ ਦਿਲਾਂ ਨੂੰ ਜੋੜਨ ਦਾ ਜ਼ਰੀਆ ਹੈ। ਜਦੋਂ ਅਸੀਂ ਦੋ ਐਟਮੀ ਤਾਕਤਾਂ ਹਾਂ ਤਾਂ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਇਹ ਤਾਂ ਨਿਰੀ ਖੁਦਕੁਸ਼ੀ ਹੋਵੇਗੀ। 
ਉਨ੍ਹਾਂ ਨੇ ਕਿਹਾ ਕਿ ਤੁਸੀਂ ਇੰਗਲੈਂਡ ਦੇਖੋ, ਉੱਥੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਲੋਕ ਆਪਸ 'ਚ ਗੁਆਂਢੀ ਹੁੰਦੇ ਹਨ ਅਤੇ ਇਕ-ਦੂਜੇ ਦੀ ਖੁਸ਼ੀ 'ਚ ਸ਼ਰੀਕ ਹੁੰਦੇ ਹਨ। ਸੋ ਤਬਦੀਲੀ ਦੀ ਰੌਸ਼ਨੀ ਜ਼ਰੂਰੀ ਹੈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਫੈਸਲਾ ਜਿਹਨ ਦੀ ਤਬਦੀਲੀ ਹੈ, ਜੋ ਦੂਰੀਆਂ ਨੂੰ ਘਟਾਉਂਦੀ ਹੈ। ਇਥੇ ਜਨੂੰਨੀ ਲੋਕ ਵੀ ਹਨ, ਜਿਨ੍ਹਾਂ ਦੀ ਦੁਕਾਨ ਚੱਲਦੀ ਹੈ ਪਰ ਇਥੇ ਅਮਨ ਦੇ ਲੋਕ ਵੀ ਹਨ। ਸੋ ਆਓ ਬੈਠੀਏ ਅਤੇ ਮਿਲੀਏ ਅਤੇ ਮਿਲ ਕੇ ਮਸਲਿਆਂ ਨੂੰ ਹੱਲ ਕਰੀਏ।


ਅਮਰਦੀਪ ਸਿੰਘ ਲੇਖਕ 'ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਦੇ ਲੇਖਕ ਅਮਰਦੀਪ ਸਿੰਘ ਨੇ ਕਿਹਾ ਕਿ ਇਮਰਾਨ ਖਾਨ ਕਹਿੰਦੇ ਹਨ ਕਿ ਜਰਮਨ ਇਕ ਹੋ ਗਏ। ਕੋਈ ਇਹ ਕਲਪਨਾ ਨਹੀਂ ਕਰ ਸਕਦਾ ਕਿ ਹੁਣ ਜਰਮਨ ਅਤੇ ਜਪਾਨ ਕਦੇ ਲੜਣਗੇ ਤਾਂ ਅਸੀਂ ਦੋਵੇਂ ਦੇਸ਼ ਪਿਛਲੇ ਸੱਤ ਦਹਾਕਿਆਂ ਤੋਂ ਨੇੜੇ ਆਉਣ ਦੀਆਂ ਕੌਸ਼ਿਸ਼ਾਂ ਕਿਉਂ ਨਾ ਕਰ ਸਕੇ ਤਾਂ ਬਹੁਤ ਧਨਵਾਦ ਇਮਰਾਨ ਖਾਨ ਨੂੰ ਕਿ ਅਜਿਹਾ ਕਦਮ ਅਮਨ ਵੱਲ ਨੂੰ ਚੁੱਕਿਆ। ਇਸ ਪੂਰੇ ਖੇਤਰ ਲਈ ਸਾਰਥਕ ਕਦਮ ਹੈ ਕਿ ਇਸ ਨਾਲ ਦੇਸ਼ ਅੱਗੇ ਵਧਣਗੇ। ਹੁਣ ਉਮੀਦ ਕਰੀਏ ਕਿ ਕਰਤਾਰਪੁਰ ਸਾਹਿਬ ਲਾਂਘਾ ਮਿਸਟਰ ਰੈਡਕੱਲਿਫ ਦੀ ਬੇਬੁਨਿਆਦ ਖੂਨੀ ਲਕੀਰ ਤੋਂ ਪੈਦਾ ਹੋਏ ਜ਼ਖਮਾਂ ਨੂੰ ਰਾਜ਼ੀ ਕਰੇਗਾ।”

ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣਾ ਬਹੁਤ ਹੀ ਪਿਆਰੀ ਸ਼ੁਰੂਆਤ: ਹਾਰੂਨ ਖਾਲਿਦ
ਹਾਰੂਨ ਖਾਲਿਦ ਵਾਕਿੰਗ ਵਿਦ ਨਾਨਕ ਦੇ ਲੇਖਕ (ਇਸਲਾਮਾਬਾਦ) ਨੇ ਕਿਹਾ ਕਿ ਇਹ ਬਹੁਤ ਪਿਆਰੀ ਸ਼ੁਰੂਆਤ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਲੰਮੇ ਸਮੇਂ ਤੋਂ ਸੀ। ਸਾਡੀ ਸਰਕਾਰ ਵੀ ਇਸ ਵਿਚਾਰ ਨੂੰ ਲੈ ਕੇ ਖੁੱਲ੍ਹਦਿਲੀ ਨਾਲ ਅੱਗੇ ਆਈ ਹੈ। ਬੇਸ਼ੱਕ ਦੋ ਦੇਸ਼ਾਂ ਵਿਚਲੇ ਮਸਲਿਆਂ ਨੂੰ ਆਪਸ 'ਚ ਸੁਲਝਾਉਣ ਲਈ ਅਜੇ ਹੋਰ ਸਮਾਂ ਲੱਗਣਾ ਹੈ ਪਰ ਇਹ ਬਾਰਡਰਾਂ ਦੇ ਦਰਮਿਆਨ ਵੰਡੀ ਧਰਤੀ ਲਈ ਚੰਗਾ ਸੰਕੇਤ ਹੈ ਕਿ ਉਹ ਨੇੜੇ ਆਏ। ਮੈਂ ਬਹੁਤ ਉਤਸ਼ਾਹਤ ਹਾਂ ਇੰਨਾ ਸੋਚ ਕੇ ਹੀ ਕਿ ਸਿੱਖ ਭਰਾ ਹੁਣ ਆਪਣੇ ਪਵਿੱਤਰ ਧਾਰਮਿਕ ਥਾਵਾਂ 'ਤੇ ਆਉਣਗੇ ਅਤੇ ਦਰਸ਼ਨ ਕਰਨਗੇ। ਅਜਿਹੀਆਂ ਉਮੀਦਾਂ ਹੀ ਮਿਸਾਲਾਂ ਬਣਨਗੀਆਂ।

ਇਹ ਇਕ ਕਮਾਲ ਦਾ ਸ਼ਲਾਘਾਯੋਗ ਕਦਮ ਹੈ: ਅਨਾਮ ਜ਼ਕਰੀਆ
ਇਸਲਾਮਾਬਾਦ ਤੋਂ 'ਦੀ ਫੁੱਟਪ੍ਰਿੰਟਸ ਆਫ ਪਾਰਟੀਸ਼ਨ' ਦੀ ਲੇਖਕ ਅਨਾਮ ਜ਼ਕਰੀਆ ਨੇ ਕਿਹਾ ਕਿ ਇਹ ਯਕੀਨਨ ਇਤਿਹਾਸਕ ਪਲ ਹੈ। ਇਹ ਕਮਾਲ ਦਾ ਸ਼ਲਾਘਾਯੋਗ ਕਦਮ ਹੈ ਕਿ ਅਸੀਂ ਇਕ ਦੂਜੇ ਨਾਲ ਅੱਗੇ ਵਧੇ ਹਾਂ। ਮੈਂ ਉਮੀਦ ਕਰਦੀ ਹਾਂ ਕਿ ਇਹ ਸਿਰਫ ਵਕਤੀ ਨਾ ਹੋਵੇ ਅਤੇ ਅਜਿਹੇ ਕਦਮ ਅਮਨ ਦੇ ਵੱਡੇ ਫ੍ਰੇਮ 'ਚ ਸਿਲਸਿਲੇ ਬਣਨ। ਇਸ ਤੋਂ ਵੀ ਅੱਗੇ ਇਹ ਸਿਲਸਿਲਾ ਭਾਰਤ ਅਤੇ ਪਾਕਿਸਤਾਨ 'ਚ ਜਿਹੜੇ ਪਰਿਵਾਰ ਇਕ ਦੂਜੇ ਤੋਂ ਵਿੱਛੜ ਗਏ, ਦੇ ਮਿਲਣ ਦਾ ਜ਼ਰੀਆ ਵੀ ਬਣਨ। ਇਹ ਉਸ ਪਾੜੇ ਨੂੰ ਘਟਾਉਂਦੇ ਹੋਏ ਅਜਿਹਾ ਪੁਲ ਬਣੇ, ਜੋ ਸਾਡੀਆਂ ਭੂਗੋਲਿਕ ਸੱਚਾਈਆਂ ਨੂੰ ਮਿਲਾ ਦੇਵੇ, ਜੋ ਦੋਵਾਂ ਦੇਸ਼ਾਂ 'ਚ ਵੱਸਣ ਵਾਲੇ ਭਾਈਚਾਰੇ ਦੇ ਟੁੱਟੇ ਰਿਸ਼ਤਿਆਂ ਨੂੰ ਜੋੜੇ। ਦੋਵਾਂ ਦੇਸ਼ਾਂ 'ਚ ਕਿੰਨੇ ਹੀ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਹਜ਼ਾਰਾਂ ਰਿਸ਼ਤੇ ਇਕ ਦੂਜੇ ਨੂੰ ਮਿਲਣ ਲਈ ਉਡੀਕ 'ਚ ਹਨ ਪਰ ਮਿਲ ਨਹੀਂ ਸਕੇ। ਮੇਰੀ ਉਮੀਦ ਹੈ ਕਿ ਇਹ ਪਿਆਰੀ ਤੰਦ ਬਣੇ, ਜਿਹੜੀ ਵੰਡ ਦਰਮਿਆਨ ਟੁੱਟੀ ਸੀ।

shivani attri

This news is Content Editor shivani attri