ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਮੇਜ਼ਬਾਨੀ ਕਰਨਗੇ 253 ਪਿੰਡ

10/22/2019 2:40:52 PM

ਡੇਰਾ ਬਾਬਾ ਨਾਨਕ (ਵੈੱਬ ਡੈਸਕ) : ਕਰਤਾਰਪੁਰ ਲਾਂਘੇ ਦਾ ਉਦਘਾਟਨ ਪੀ.ਐਮ. ਮੋਦੀ 9 ਨਵੰਬਰ ਨੂੰ ਕਰਨਗੇ। ਸਿੱਖਾਂ ਦੇ ਸਾਰੇ ਸੰਗਠਨ ਇਸ ਸਮਾਗਮ ਨੂੰ ਵਧੀਆ ਬਣਾਉਣ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। ਉਥੇ ਹੀ ਆਪਣੇ ਸਿਆਸੀ ਮੱਤਭੇਦਾਂ ਦੇ ਬਾਵਜੂਦ ਡੇਰਾ ਬਾਬਾ ਨਾਨਕ ਵਿਧਾਨ ਸਭਾ ਖੇਤਰ ਦੇ 253 ਪਿੰਡਾਂ ਦੇ ਸਰਪੰਚਾਂ ਨੇ ਏਕਤਾ ਦੀ ਮਿਸਾਲ ਪੇਸ਼ ਕਰਦੇ ਹੋਏ ਇਸ ਗੱਲ 'ਤੇ ਸਹਿਮਤੀ ਜਤਾਈ ਹੈ ਕਿ ਲਾਂਘੇ ਦਾ ਉਦਘਾਟਨ ਹੋਣ ਤੋਂ ਬਾਅਦ ਨਗਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫਤ ਰਿਹਾਇਸ਼ ਉਪਲੱਬਧ ਕਰਵਾਈ ਜਾਏਗੀ।

ਅਧਿਕਾਰੀ 1:3 ਅਨੁਪਾਤ 'ਤੇ ਕੰਮ ਕਰ ਰਹੇ ਹਨ। ਇਸ ਦਾ ਅਰਥ ਹੈ ਕਿ ਜਿਹੜੇ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਨ, ਉਨ੍ਹਾਂ ਨਾਲ 3 ਵਿਅਕਤੀ ਹੋਣਗੇ ਜੋ ਨਗਰ ਵਿਚ ਰੁਕਣਗੇ। ਸ਼ਹਿਰ ਦੀ ਆਬਾਦੀ 10 ਹਜ਼ਾਰ ਹੈ ਅਤੇ ਹਰ ਰੋਜ਼ 20 ਹਜ਼ਾਰ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਸ਼ਰਧਾਲੂਆਂ ਦੀ ਇੰਨੀ ਵੱਡੀ ਭੀੜ ਨੂੰ ਸੰਭਾਲਣਾ ਪੁਲਸ ਕਰਮਚਾਰੀਆਂ ਲਈ ਵੱਡੀ ਚੁਣੌਤੀ ਹੋਵੇਗਾ। ਇਸ ਤੋਂ ਇਲਾਵਾ 9 ਨਵੰਬਰ ਨੂੰ ਨਗਰ ਵਿਚ 5000 ਪੁਲਸ ਕਰਮਚਾਰੀ ਤਾਇਨਾਤ ਹੋਣਗੇ।

ਅਰਲੀਭਾਨ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਪੰਚ ਅਧਿਕਾਰੀਆਂ ਦੀ ਮਦਦ ਲਈ ਅੱਗੇ ਨਾ ਆਉਂਦੇ ਤਾਂ ਸਥਿਤੀ ਖਰਾਬ ਹੋਣ ਦੀ ਸੰਭਾਵਨਾ ਸੀ। ਦੱਸ ਦੇਈਏ ਕਿ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਹਫਤੇ ਆਪਣੇ ਜੱਦੀ ਪਿੰਡ ਢਰੋਲੀ ਵਿਚ ਕਾਂਗਰਸ ਦੇ ਸਰਪੰਚਾਂ ਦੀ ਬੈਠਕ ਸੱਦੀ ਅਤੇ ਪ੍ਰਸ਼ਾਸਨ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ। ਮੰਤਰੀ ਨੇ ਕਿਹਾ ਕਿ ਨਗਰ ਦੀ ਸਾਖ ਦਾਅ 'ਤੇ ਸੀ। ਇਸ ਦੇ ਬਾਵਜੂਦ ਸਰਪੰਚਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਹਰੇਕ ਸ਼ਰਧਾਲੂ ਦਾ ਸਵਾਗਤ ਕੀਤਾ ਜਾਵੇਗਾ।

ਰੰਧਾਵਾ ਨੇ ਕਿਹਾ ਕਿ ਇਹ ਲਾਂਘਾ ਸਿਆਸੀ ਦਲਾਂ ਨਾਲ ਸਬੰਧਤ ਨਹੀਂ ਹੈ। ਇਹ ਇਕ ਧਾਰਮਿਕ ਸਥਾਨ ਹੈ। ਉਨ੍ਹਾਂ ਕਿਹਾ ਕਿ ਦੂਰਬੀਨ ਜ਼ਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਦਰਸ਼ਨ ਸਥਾਨ 'ਤੇ ਆਉਣ ਵਾਲੇ ਸ਼ਰਧਾਲੂਆਂ ਲਈ ਪਿੰਡ ਵਾਸੀ ਖਾਣ-ਪੀਣ ਦਾ ਸਾਮਾਨ ਲੈ ਕੇ ਆ ਰਹੇ ਹਨ। ਉਥੇ ਹੀ ਡੀ.ਸੀ. ਵਿਪੁਲ ਉਜਵਲ ਨੇ ਕਿਹਾ ਕਿ ਪਹਿਲਾਂ ਇਹ ਯੋਜਨਾ ਸੀ ਕਿ ਸਰਕਾਰੀ ਸਕੂਲਾਂ ਵਿਚ ਸ਼ਰਧਾਲੂਆਂ ਨੂੰ ਖਾਣ-ਪੀਣ ਦਾ ਸਾਮਾਨ ਉਪਲਬੱਧ ਕਰਾਇਆ ਜਾਏਗਾ, ਜਿਸ ਲਈ ਉਨ੍ਹਾਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਸੀ ਪਰ ਸਰਪੰਚਾਂ ਵੱਲੋਂ ਮਿਲੇ ਸੰਕੇਤ ਨੂੰ ਦੇਖਦੇ ਹੋਏ ਇਸ ਯੋਜਨਾ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ 24 ਅਕਤੂਬਰ ਨੂੰ ਲਾਂਘੇ ਅਤੇ ਨਗਰ ਵਿਚ ਸ਼ਰਧਾਲੂਆਂ ਨੂੰ ਉਪਲਬੱਧ ਕਰਵਾਉਣ ਵਾਲੀਆਂ ਸੁਵਿਧਾਵਾਂ ਦਾ ਨਿਰੀਖਣ ਕਰਨਗੇ।

cherry

This news is Content Editor cherry