ਕਾਰਗਿਲ ਦੇ ਸ਼ਹੀਦ ਹੌਲਦਾਰ ਜਸਵੰਤ ਸਿੰਘ ਦੀ 18ਵੀਂ ਬਰਸੀ ਮਨਾਈ

10/23/2017 12:51:33 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਸੰਨ 1999 'ਚ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਕਾਰਗਿਲ ਵਿਚ ਸ਼ਹੀਦ ਹੋਏ ਹੌਲਦਾਰ ਜਸਵੰਤ ਸਿੰਘ ਵਾਸੀ ਪਿੰਡ ਦਾਬਾਂ ਵਾਲੀ ਵਾਸ ਬਰੂਵਾਲ ਦੇ ਪਰਿਵਾਰ ਵੱਲੋਂ 18ਵੀਂ ਬਰਸੀ ਮਨਾਈ ਗਈ। ਇਸ ਮੌਕੇ ਸਹਿਜ ਪਾਠ ਦੀ ਸੰਪੂਰਨਤਾ ਦੇ ਭੋਗ ਪਾਏ ਗਏ। ਉਪਰੰਤ ਰਾਮ ਦਿਆਲ ਸਿੰਘ ਦੇ ਕੀਰਤਨੀਏ ਜਥੇ ਵੱਲੋਂ ਹਾਜ਼ਰ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ।
ਇਸ ਮੌਕੇ ਕੈਪਟਨ ਬਹਾਦਰ ਸਿੰਘ, ਸੂਬੇਦਾਰ ਸਿਕੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਡਾ. ਖੁਸ਼ਹਾਲ ਸਿੰਘ ਆਦਿ ਨੇ ਸ਼ਹੀਦ ਹੌਲਦਾਰ ਜਸਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਹੌਲਦਾਰ ਜਸਵੰਤ ਸਿੰਘ ਭਾਰਤੀ ਫੌਜ ਦੀ 270 ਇੰਜੀਨੀਅਰ ਰੈਜੀਮੇਂਟ 'ਚ ਡੀ.ਪੀ.ਐੱਮ.ਟੀ. ਤਾਇਨਾਤ ਸਨ ਤੇ ਕਾਰਗਿਲ ਦੀ ਲੜਾਈ 'ਚ 22 ਅਕਤੂਬਰ 1999 ਨੂੰ ਸ਼ਹੀਦ ਹੋ ਗਏ, ਜਿਨ੍ਹਾਂ 'ਤੇ ਪਿੰਡ ਸਮੇਤ ਪੂਰੇ ਦੇਸ਼ ਨੂੰ ਮਾਣ ਹੈ। ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਦੇਸ਼ ਵਾਸੀ ਹਮੇਸ਼ਾ ਸਲਾਮ ਕਰਦੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਦੇਸ਼ ਲਈ ਸਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇ। ਇਸ ਮੌਕੇ ਦਵਿੰਦਰ ਕੌਰ ਮਾਤਾ, ਕਮਲਜੀਤ ਕੌਰ ਪਤਨੀ, ਜਸਪਾਲ ਸਿੰਘ ਭਰਾ, ਸਪਨਦੀਪ ਸਿੰਘ ਬੇਟਾ, ਦਲਜੀਤ ਕੌਰ, ਮਨਜੀਤ ਕੌਰ ਦੋਵੇਂ ਬੇਟੀਆਂ ਤੋਂ ਇਲਾਵਾ ਹੌਲਦਾਰ ਮਨਮੀਤ ਸਿੰਘ ਦਬੂੜ, ਰਾਜ ਕੁਮਾਰੀ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਕੌਰ, ਰਵਿੰਦਰ ਸਿੰਘ ਹੌਲਦਾਰ ਆਦਿ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।