ਕਪੂਰਥਲਾ ਦੇ 'ਸੈਨਿਕ ਸਕੂਲ' ਨੂੰ ਲੈ ਕੇ ਅਹਿਮ ਖ਼ਬਰ, ਸ਼ਾਨ ਮੁੜ ਬਹਾਲ ਕਰੇਗੀ ਮਾਨ ਸਰਕਾਰ

07/11/2022 12:48:30 PM

ਚੰਡੀਗੜ੍ਹ (ਵੈੱਬ ਡੈਸਕ, ਬਿਓਰੋ, ਵਿੱਕੀ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੈਨਿਕ ਸਕੂਲ ਕਪੂਰਥਲਾ ਦੀ ਸਾਰ ਲਵੇਗੀ। ਇਹ ਖ਼ੁਲਾਸਾ ਰੱਖਿਆ ਸੇਵਾਵਾਂ ਭਲਾਈ ਮੰਤਰੀ ਫ਼ੌਜਾ ਸਿੰਘ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ 'ਚ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਇਸ ਵੱਕਾਰੀ ਸੰਸਥਾ ਨੂੰ ਪਿਛਲੇ ਸਮੇਂ 'ਚ ਅਣਗੌਲਿਆਂ ਰੱਖਿਆ ਗਿਆ ਪਰ ਹੁਣ ਸੂਬਾ ਸਰਕਾਰ ਸੈਨਿਕ ਸਕੂਲ ਦੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਸ ਮੰਤਵ ਲਈ ਸੰਸਥਾ ਬਣੀ ਸੀ, ਉਸ ਨੂੰ ਸਰਕਾਰ ਪੂਰਾ ਕਰੇਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਸ ਨੂੰ ਮਿਲਿਆ 'ਲਾਰੈਂਸ ਬਿਸ਼ਨੋਈ' ਦਾ ਟ੍ਰਾਂਜਿਟ ਰਿਮਾਂਡ, ਸਖ਼ਤ ਸੁਰੱਖਿਆ ਹੇਠ ਹੋਈ ਪੇਸ਼ੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿੱਜੀ ਤੌਰ 'ਤੇ ਸੈਨਿਕ ਸਕੂਲ ਦੀ ਕਾਇਆ-ਕਲਪ ਕਰਨ ਅਤੇ ਇਸ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਦਿਲਚਸਪੀ ਲੈ ਰਹੀ ਹੈ। ਫ਼ੌਜਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਵਿਭਾਗ ਨੂੰ ਇਸ ਸਬੰਧੀ ਬਾਕਾਇਦਾ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਸੰਸਥਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਸਕੇ। ਉਨ੍ਹਾਂ ਕਿਹਾ ਕਿ ਸੈਨਿਕ ਸਕੂਲ ਨੇ ਮਹਾਨ ਸ਼ਖਸੀਅਤਾਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਵੱਖ-ਵੱਖ ਅਹਿਮ ਅਹੁਦਿਆਂ ਖ਼ਾਸ ਕਰਕੇ ਰੱਖਿਆ ਸੈਨਾਵਾਂ 'ਚ ਦੇਸ਼ ਦੀ ਸੇਵਾ ਕੀਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਨੇ ਜਲਦ ਹੀ ਇਸ ਸਕੂਲ ਦੇ ਕੰਮ-ਕਾਜ ਦੀ ਸਮੀਖਿਆ ਲਈ ਮੀਟਿੰਗ ਕੀਤੀ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ : ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ 'ਸੁਖ਼ਨਾ ਝੀਲ' ਦਾ ਪਾਣੀ, ਅਧਿਕਾਰੀਆਂ ਨੇ ਵਧਾਈ ਨਿਗਰਾਨੀ

ਉਨ੍ਹਾਂ ਨੇ ਵਿੱਤ ਵਿਭਾਗ ਨੂੰ ਸਕੂਲ ਦੀ ਇਮਾਰਤ ਦੀ ਮੁਰੰਮਤ ਲਈ ਫੰਡ ਤੁਰੰਤ ਜਾਰੀ ਕਰਨ ਲਈ ਕਿਹਾ। ਸਕੂਲ ਦੀ ਇਮਾਰਤ ਦੀ ਢੁਕਵੀਂ ਸਾਂਭ-ਸੰਭਾਲ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ। ਫ਼ੌਜਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਵੱਕਾਰੀ ਸੰਸਥਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਮੁਹੱਈਆ ਕਰਵਾਉਣ ਲਈ ਫੰਡ ਜਾਰੀ ਕਰਨ ਵਾਸਤੇ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੰਸਥਾ ਦੀ ਸ਼ਾਨ ਮੁੜ ਬਹਾਲ ਕਰਨ 'ਚ ਕੋਈ ਕਸਰ ਨਹੀਂ ਬਾਕੀ ਛੱਡੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita