ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ

04/22/2019 4:33:46 AM

ਕਪੂਰਥਲਾ (ਗੁਰਵਿੰਦਰ ਕੌਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਓ ਸ੍ਰੀ ਸਹਿਜ ਪਾਠ ਕਰੀਏ ਲਡ਼ੀ ਤਹਿਤ ਸ਼ਬਦ ਗੁਰੂ ਪ੍ਰਚਾਰ ਸਭਾ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ 21 ਅਕਤੂਬਰ 2018 ਤੋਂ ਆਰੰਭ ਸ੍ਰੀ ਸਹਿਜ ਪਾਠਾਂ ਦੇ ਭੋਗ ਸਟੇਟ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਸਮਾਗਮ ਦੇ ਸ਼ੁਭ ਆਰੰਭ ਸਮੇਂ ਹਾਜ਼ਰ ਸੰਗਤਾਂ ਵੱਲੋਂ ਸਮੂਹਿਕ ਤੌਰ ’ਤੇ ਭੋਗ ਪਾਉਣ ਉਪਰੰਤ 182 ਪ੍ਰਾਣੀਆਂ ਨੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਗੁਰਬਾਣੀ ਨੂੰ ਹਿਰਦੇ ’ਚ ਵਸਾਉਣ ਤੇ ਅਮਲ ਕਰਨ ਨਾਲ ਦੁਨੀਆ ਦੇ ਦੁਖਾਂ ਤੋਂ ਰਾਹਤ ਮਿਲਦੀ ਹੈ, ਜਿਨ੍ਹਾਂ ਸੰਗਤਾਂ ਨੇ ਨਵੇਂ ਦੁਬਾਰਾ ਸ੍ਰੀ ਸਹਿਜ ਪਾਠ ਆਰੰਭ ਕੀਤੇ ਹਨ, ਉਨ੍ਹਾਂ ਪਾਠਾਂ ਦੇ ਸਮੂਹਿਕ ਭੋਗ 3 ਨਵੰਬਰ ਦਿਨ ਐਤਵਾਰ (6 ਮਹੀਨੇ ਬਾਅਦ) ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਾਏ ਜਾਣਗੇ। ਇਸ ਮੌਕੇ ਭੇਟਾ ਰਹਿਤ ਸੈਂਚੀਆਂ ਤੇ ਧਾਰਮਿਕ ਡਾਇਰੀਆਂ ਵੀ ਵੰਡੀਆਂ ਗਈਆਂ। ਬੱਚਿਆਂ ਨੂੰ ਧਾਰਮਿਕ ਵਿਰਸੇ ਨਾਲ ਜੋਡ਼ਨ ਤੇ ਲਿਖਣ ਭਗਤੀ ਨਾਲ ਸਬੰਧਤ ਕਾਪੀਆਂ ਵੰਡਦੇ ਹੋਏ ਸਭਾ ਦੇ ਜਨਰਲ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਦੱਸਿਆ ਕਿ ਪਹਿਲੀ ਤੋਂ ਤੀਜੀ ਜਮਾਤ ਤਕ ਵਾਹਿਗੁਰੂ ਲਿਖਣਾ, ਚੌਥੀ ਤੋਂ ਛੇਵੀਂ ਜਮਾਤ ਤਕ ਮੂਲ ਮੰਤਰ ਲਿਖਣਾ ਤੇ ਸੱਤਵੀ ਤੇ ਅਗਲੀ ਜਮਾਤ ਤਕ ਜਪੁਜੀ ਸਾਹਿਬ ਸਟੀਕ ਲਿਖਣਾ ਸਬੰਧਤ ਕਾਪੀਆਂ ਮੁਫਤ ਵੰਡੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀ ਸੁੰਦਰ ਲਿਖਤ ਕਰਕੇ 23 ਜੂਨ ਨੂੰ ਸਟੇਟ ਗੁਰਦੁਆਰਾ ਸਾਹਿਬ ’ਚ ਸਵੇਰੇ 9 ਵਜੇ ਸੰਚਿਤ ਕਰਵਾਉਣ। ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦੁਰ ਸੇਵਾ ਸੁਸਾਇਟੀ ਸ਼ੇਖੂਪੁਰ ਦੇ ਨੌਜਵਾਨਾਂ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ ਜਾਵੇਗਾ। ਸਭਾ ਵਲੋਂ ਸਹਿਯੋਗੀ ਸ਼ਖਸੀਅਤਾਂ ਤੇ ਜਥੇ. ਜਰਨੈਲ ਸਿੰਘ ਡੋਗਰਾਂਵਾਲ ਤੇ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਹਰਬੰਸ ਸਿੰਘ ਬਤਰਾ, ਦਵਿੰਦਰ ਸਿੰਘ ਦੇਵ, ਹਰਜੀਤ ਸਿੰਘ ਭਾਟੀਆ, ਤਰਵਿੰਦਰ ਮੋਹਨ ਸਿੰਘ, ਜਸਪਾਲ ਸਿੰਘ ਖੁਰਾਨਾ, ਹਰਜੋਤ ਸਿੰਘ, ਸੁਖਵਿੰਦਰ ਮੋਹਨ ਸਿੰਘ, ਜੋਧ ਸਿੰਘ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਪ੍ਰੀਤਪਾਲ ਸਿੰਘ ਸੋਨੂੰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰੋ. ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ ਸ਼ੇਖੂਪੁਰ, ਆਸ਼ੂ ਕੁਮਰਾ, ਸੁੱਚਾ ਸਿੰਘ, ਸਾਧੂ ਸਿੰਘ ਤੇ ਹੋਰ ਹਾਜ਼ਰ ਸਨ।