ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦੀ ਸਮੱਸਿਆ ਸਬੰਧੀ ‘ਆਪ’ ਆਗੂ ਦੰਦੂਪੁਰ ਦੇ ਲੋਕਾਂ ਨੂੰ ਮਿਲੇ

02/18/2019 4:36:05 AM

ਕਪੂਰਥਲਾ (ਮੱਲ੍ਹੀ)-ਪਿੰਡਾਂ ਤੇ ਸ਼ਹਿਰਾਂ ’ਚ ਵੱਸਦੇ ਦਲਿਤ ਸਮਾਜ ਦੇ ਲੋਕ ਜੋ ਪਿਛਲੇ ਲੰਬੇ ਸਮੇਂ ਤੋਂ ਘਰਾਂ ’ਚ ਮੁਫਤ ਬਿਜਲੀ ਵਰਤਦੇ ਆ ਰਹੇ ਸਨ, ਜਿਨ੍ਹਾਂ ਨੂੰ ਹੁਣ ਬਿਜਲੀ ਦੇ ਵਿੱਤੋਂ ਵੱਧ ਆ ਰਹੇ ਬਿੱਲਾਂ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ, ਦੀ ਸਮੱਸਿਆ ਨੂੰ ਜ਼ਿਲਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਤਕ ਪਹੁੰਚਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਦੰਦੂਪੁਰ ਦੇ ਦਲਿਤ ਸਮਾਜ ਦੇ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੀ ਬਿਜਲੀ ਬਿੱਲਾਂ ਦੇ ਵੱਧ ਆਉਣ ਦੀ ਸਮੱਸਿਆ ਬਾਰੇ ਚਿੰਤਾ ਪ੍ਰਗਟਾਉਂਦਿੱਆਂ ਕਿਹਾ ਕਿ ਕਾਗਰਸ ਪਾਰਟੀ ਦੀ ਪੰਜਾਬ ਸਰਕਾਰ ਵਾਅਦਿਆਂ ਤੋਂ ਮੁਕਰਨ ਵਾਲੀ ਸਰਕਾਰ ਸਾਬਤ ਹੋਈ ਹੈ, ਜਿਸਨੇ ਦਲਿਤ ਪਰਿਵਾਰਾਂ ਦੇ ਲੋਕਾਂ ਨਾਲ ਉਨ੍ਹਾਂ ਦੇ ਘਰਾਂ ’ਚ ਵਰਤੀ ਜਾਂਦੀ ਬਿਜਲੀ ਦੀਆਂ ਮੁਫਤ ਯੂਨਿਟਾਂ ਨੂੰ ਵਧਾ ਕੇ 200 ਤੋਂ 400 ਯੂਨਿਟ ਕਰਨ ਦਾ ਵਾਅਦਾ ਕੀਤਾ ਸੀ ਪਰ ਦੇਖਣ ’ਚ ਆ ਰਿਹਾ ਹੈ ਕਿ ਗਰੀਬ ਪਰਿਵਾਰਾਂ ਦੇ ਘਰਾਂ ’ਚ ਮੁਫਤ ਬਿਜਲੀ ਖਪਤ ਵਾਲੇ ਮੀਟਰਾਂ ਉੱਪਰ ਸ਼ਰਤਾਂ ਹੀ ਐਨੀਆਂ ਲਗਾ ਦਿੱਤੀਆਂ ਹਨ ਕਿ ਪੰਜਾਬ ਦੇ 60 ਫੀਸਦੀ ਤੋਂ ਵਧੇਰੇ ਗਰੀਬ ਪਰਿਵਾਰ ਮੁਫਤ ਬਿਜਲੀ ਸਕੀਮ ਤੋਂ ਬਾਹਰ ਕੀਤੇ ਗਏ ਹਨ, ਜਿਸਨੂੰ ਲੈ ਕੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਮਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਕੈਪਟਨ ਸਰਕਾਰ ਆਪਣੇ ਵਾਅਦੇ ਮੁਤਾਬਿਕ ਗਰੀਬ ਪਰਿਵਾਰਾਂ ਦੀ ਮੁਫਤ ਯੂਨਿਟ ਦਰ ਨੂੰ 200 ਤੋਂ 400 ਯੂਨਿਟ ਕਰਦੀ ਪਰ ਉਲਟਾ ਗਰੀਬ ਪਰਿਵਾਰਾਂ ਦੇ ਘਰਾਂ ’ਚ ਜਿਨ੍ਹਾਂ ਦੇ ਇਕ ਬਲਬ, ਇਕ ਪੱਖਾ ਆਦਿ ਲੱਗਾ ਹੈ ਦੇ ਘਰਾਂ ’ਚ 10-10, 15-15 ਹਜ਼ਾਰ ਰੁਪਏ ਬਿਜਲੀ ਬਿੱਲ ਭੇਜੇ ਜਾ ਰਹੇ ਹਨ ਜੋ ਗਰੀਬਾਂ ਨਾਲ ਸਰਾਸਰ ਧੱਕਾ ਹੀ ਕਿਹਾ ਜਾ ਸਕਦਾ ਹੈ, ਜਿਸਨੂੰ ਆਪ ਪਾਰਟੀ ਹਰਗਿਜ਼ ਸਹਿਣ ਨਹੀਂ ਕਰੇਗੀ, ਸਗੋਂ ਵਿਧਾਨ ਸਭਾ ’ਚ ਮਾਮਲਾ ਉਠਾਵੇਗੀ। ਇਸ ਮੌਕੇ ਦਲਿਤ ਪਰਿਵਾਰ ਦੇ ਆਗੂ ਬਲਬੀਰ ਬੰਸੂ, ਚੰਨਣ ਰਾਮ, ਮਲਕੀਤ ਮੀਤ, ਬੀਬੀ ਚਰਨੋ, ਬੀਬੀ ਦਲਵੀਰੋ, ਬੀਬੀ ਜੀਤੋ, ਬੀਬੀ ਸਵਰਨੀ, ਦੇਬਾ, ਹਰਪ੍ਰੀਤ ਹੈਪੀ ਆਦਿ ਨੇ ਉਨ੍ਹਾਂ ਦੇ ਘਰਾਂ ਦੇ ਆਏ ਵਧੇਰੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਵੀ ‘ਆਪ’ ਆਗੂ ਸੱਜਣ ਸਿੰਘ ਚੀਮਾ, ਨਵਦੀਪ ਸਿੰਘ ਮਸੀਤਾਂ, ਲਵਪ੍ਰੀਤ ਸਿੰਘ ਡਡਵਿੰਡੀ, ਰਾਜਿੰਦਰ ਸਿੰਘ ਜੈਨਪੁਰ, ਬਖਸ਼ੀਸ਼ ਸਿੰਘ ਦੰਦੂਪੁਰ ਤੇ ਬਲਵਿੰਦਰ ਸਿੰਘ ਆਦਿ ਨੂੰ ਦਿਖਾਈਆਂ। ਮੌਕੇ ’ਤੇ ਹਾਜ਼ਰ ਆਪ ਆਗੂਆਂ ਨੇ ਹਾਜ਼ਰ ਦਲਿਤ ਸਮਾਜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਵੱਧ ਆ ਰਹੇ ਬਿਜਲੀ ਬਿੱਲਾਂ ਦੇ ਮਾਮਲੇ ਨੂੰ ਠੰਡਾ ਨਹੀਂ ਪੈਣ ਦੇਣਗੇ ਸਗੋਂ ਜ਼ਿਲਾ ਪ੍ਰਸ਼ਾਸਨ ਤੇ ਕੈਪਟਨ ਸਰਕਾਰ ਦੀ ਨੀਂਦ ਹਰਾਮ ਕਰ ਦੇਣਗੇ।