ਪ੍ਰਮੇਸ਼ਵਰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ : ਭਾਈ ਗੁਰਪ੍ਰੀਤ ਸਿੰਘ

02/16/2019 4:10:02 AM

ਕਪੂਰਥਲਾ (ਸੋਢੀ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮੇਂ ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਨੇ ਗੁਰਬਾਣੀ ਦਾ ਪਾਵਨ ਹੁਕਮਨਾਮਾ ਸਰਵਣ ਕਰਵਾਇਆ ਤੇ ਉਪਰੰਤ ਗੁਰਬਾਣੀ ਦੀ ਕਥਾ ਭਾਈ ਗੁਰਪ੍ਰੀਤ ਸਿੰਘ ਕਥਾ ਵਾਚਕ ਨੇ ਸੁਣਾਈ। ਉਨ੍ਹਾਂ ਕਿਹਾ ਕਿ ਹਜ਼ੂਰ ਪਾਤਸਾਹ ਫੁਰਮਾਨ ਕਰਦੇ ਹਨ ਮਨਮੁਖ ਲੋਕਾਂ ਦੀ ਬਿਰਤੀ ਐਸੀ ਹੈ ਕਿ ਉਹ ਪਾਪ ਕਰਦੇ ਹਨ ਤੇ ਮੁੱਕਰ ਜਾਂਦੇ ਹਨ ਕਿਉਂਕਿ ਮਨਮੁਖ ਬੰਦਿਆਂ ਨੂੰ ਪ੍ਰਮਾਤਮਾ ਦੂਰ ਲਗਦਾ ਹੈ । ਉਨ੍ਹਾਂ ਨੂੰ ਰੱਬ ਦਿਖਾਈ ਨਹੀਂ ਦਿੰਦਾ। ਉਹ ਮਨੁੱਖ ਜਿੰਨੇ ਵੀ ਕੰਮ ਕਰਦਾ ਹੈ, ਵਿਖਾਵੇ ਲਈ ਕਰਦਾ ਹੈ, ਜਿੰਨੀ ਵੀ ਸੇਵਾ ਕਰਦਾ ਹੈ, ਸਿਰਫ ਲੋਕ ਵਿਖਾਵੇ ਦੀ ਕਰਦਾ ਹੈ, ਜੋ ਕਿ ਸੇਵਾ ਦਾ ਪੁੰਨ ਨਾਲੋ ਨਾਲ ਗਵਾਈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਹਡ਼ੇ ਗੁਰਮੁੱਖ ਹਨ ਉਹ ਪ੍ਰਮਾਤਮਾ ਨਿਰੰਕਾਰ ਨੂੰ ਹਰ ਵੇਲੇ ਆਪਣੇ ਅੰਗ ਸੰਗ ਹਾਜ਼ਰ ਨਾਜਰ ਮੰਨ ਕੇ ਸਿਮਰਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਮਨਮੁਖ ਹਰਨਾਖਸ਼ ਨੂੰ ਰੱਬ ਦੂਰ ਪ੍ਰਤੀਤ ਹੁੰਦਾ ਹੈ ਪਰ ਭਗਤ ਪ੍ਰਹਿਲਾਦ ਨੂੰ ਗਰਮ ਕੀਤੇ ਲਾਲ ਥੰਮ ਵਿਚੋਂ ਵੀ ਰੱਬ ਕੀਡ਼ੀ ਦੇ ਰੂਪ ਵਿਚ ਦਰਸ਼ਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹਡ਼ੇ ਉਸ ਪ੍ਰਭੂ ਨੂੰ ਚੰਗੇ ਲਗਦੇ ਉਹੀ ਉਸ ਵਾਹਿਗੁਰੂ ਦੇ ਸੇਵਕ ਹਨ। ਜਿਹਡ਼ੇ ਰੱਬ ਨੂੰ ਭਾਅ ਜਾਂਦੇ ਹਨ, ਉਨ੍ਹਾਂ ਨੂੰ ਦਰਗਾਹ ’ਚ ਵੀ ਇੱਜ਼ਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰਮੇਸ਼ਵਰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਤੇ ਸਾਰੇ ਹੀ ਜੀਵਾਂ ਨੂੰ ਪਾਲ ਰਿਹਾ ਹੈ। ਸਮਾਗਮ ’ਚ ਭਾਈ ਸੁਰਜੀਤ ਸਿੰਘ ਸਭਰਾਅ, ਭਾਈ ਹਰਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਦਲੀਪ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਸਤਨਾਮ ਸਿੰਘ, ਭਾਈ ਅਵਤਾਰ ਸਿੰਘ ਨੇ ਸ਼ਿਰਕਤ ਕੀਤੀ।