ਸਵਾਈਨ ਫਲੂ ਦੇ ਬਚਾਅ, ਰੋਕਥਾਮ ਅਤੇ ਕਾਰਨਾਂ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ

01/22/2019 10:52:25 AM

ਕਪੂਰਥਲਾ (ਹਰਜੋਤ)-ਸਵਾਈਨ ਫਲੂ ਨਾਲ ਵੱਧ ਰਹੀ ਬੀਮਾਰੀ ਅਤੇ ਮੌਤ ਦੇ ਕਾਰਨਾਂ ਬਾਰੇ ਲੋਕਾਂ ਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਾਗਰੂਕ ਕਰਨ ਸਬੰਧੀ ਐੱਸ. ਐੱਮ. ਓ. ਡਾ. ਦਵਿੰਦਰ ਸਿੰਘ ਤੇ ਐੱਸ. ਐੱਮ. ਓ . ਪਾਂਸ਼ਟਾ ਅਨਿਲ ਕੁਮਾਰ ਦੀ ਅਗਵਾਈ ’ਚ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਤੇ ਆਧਾਰਿਤ ਟੀਮ ਨੇ ਅੱਜ ਸਵਾਈਨ ਫਲੂ ਦੇ ਬਚਾਅ, ਰੋਕਥਾਮ ਅਤੇ ਕਾਰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਾਈਵੇਟ ਨਰਸਿੰਗ ਹੋਮਾਂ, ਹਸਪਤਾਲ ਅਤੇ ਸਰਕਾਰੀ ਡਿਸਪੈਂਸਰੀਆਂ ਵਿਖੇ ਜਾਗਰੂਕ ਕੀਤਾ ਤੇ ਪੋਸਟਰ ਵੀ ਲਗਾਏ। ਜਾਣਕਾਰੀ ਦਿੰਦੇ ਹੋਏ ਐੱਸ. ਐੱਮ. ਓ. ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਆਮ ਬੁਖਾਰ, ਜ਼ੁਕਾਮ, ਨਿਮੋਨੀਆ ਵਾਂਗ ਬੀਮਾਰੀ ਹੈ ਜੋ ਕਿ ਆਮ ਦਵਾਈ ਨਾਲ ਠੀਕ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਡਰੋਪਲਿਟ ਇਨਫੈਕਸ਼ਨ ਅਤੇ ਖਾਂਸੀ ਨਾਲ ਫੈਲਦੀ ਹੈ। ਇਹ ਬੀਮਾਰੀ ਇਕ ਦਿਨ ਤੋਂ ਸੱਤ ਦਿਨ ’ਚ ਫੈਲਦੀ ਹੈ। ਇਹ ਬੀਮਾਰੀ ਬੱਚਿਾਆਂ ’ਚੋਂ ਲੰਬੇ ਸਮੇਂ ਤਕ ਫੈਲ ਸਕਦੀ ਹੈ ਅਤੇ ਜਦੋਂ ਬੀਮਾਰੀ ਵੱਧਦੀ ਹੈ ਤਾਂ ਨਿਮੋਨੀਆ, ਪੱਠਿਆਂ ’ਚ ਦਰਦ, ਦਿਮਾਗੀ ਬੁਖਾਰ, ਸਾਹ ਚੜ੍ਹਨਾ, ਦੌਰੇ ਪੈ ਣੇ ਸ਼ੁਰੂ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਭਾਵਿਤ ਮਰੀਜ਼ਾਂ ਨੂੰ ਸਵਾਈਨ ਫਲੂ ਦੀ ਦਵਾਈ ਸਰਕਾਰੀ ਹਸਪਤਾਲ ਫਗਵਾੜਾ ਵਿਖੇ ਮੁਫ਼ਤ ਦਿੱਤੀ ਜਾਂਦੀ ਹੈ। ਸਰਕਾਰੀ ਹਸਪਤਾਲ ਫਗਵਾੜਾ ਵਿਖੇ ਇਸ ਬੀਮਾਰੀ ਦੇ ਇਲਾਜ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ। ਜਾਗਰੂਕ ਟੀਮ ’ਚ ਬਲਿਹਾਰ ਚੰਦ, ਲਖਵਿੰਦਰ ਸਿੰਘ, ਮਨਦੀਪ ਸਿੰਘ, ਮਨਜਿੰਦਰ ਕੁਮਾਰ, ਮਿਸ ਕਮਲਪ੍ਰੀਤ ਕੌਰ ਵੀ ਸ਼ਾਮਲ ਸਨ।