ਅੰਬੇਡਕਰ ਸੈਨਾ ਪੰਜਾਬ ਨੇ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ

01/22/2019 10:52:04 AM

ਕਪੂਰਥਲਾ (ਹਰਜੋਤ)-ਅੰਬੇਡਕਰ ਸੈਨਾ (ਪੰਜਾਬ) ਵਲੋਂ ਅੱਜ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਂ ਇਕ ਮੰਗ-ਪੱਤਰ ਐੱਸ. ਡੀ. ਐੱਮ. ਫਗਵਾੜਾ ਡਾ. ਸੁਮਿਤ ਮੁੱਧ ਨੂੰ ਦਿੱਤਾ ਗਿਆ। ਜਿਸ ’ਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਇਕ ਦਲਿਤ ਨੌਜਵਾਨ ਨਾਲ ਦੇਵ ਪ੍ਰਥਾ ਦੇ ਨਾਂ ’ਤੇ ਹੋਈ ਕੁੱਟਮਾਰ ਦੀ ਸਖਤ ਨਿਖੇਧੀ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਢੰਡਾ ਨੇ ਦੱਸਿਆ ਕਿ ਉਕਤ ਘਟਨਾ ਹਿਮਾਚਲ ਦੇ ਕੁੱਲੂ ਵਿਖੇ ਵਾਪਰੀ ਹੈ ਜਿਥੇ ਦੇਵ ਪਰੰਪਰਾ ਦੇ ਚਲ ਰਹੇ ਸਮਾਗਮ ਦੌਰਾਨ ਸੁੱਟਿਆ ਗਿਆ ਇਕ ਗੁਲਦਸਤਾ ਦਲਿਤ ਨੌਜਵਾਨ ਦੇ ਹੱਥ ਆਉਣ ਤੇ ਅਪਸ਼ਗੁਨ ਸਮਝ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਢੰਡਾ ਅਨੁਸਾਰ ਉਕਤ ਦਲਿਤ ਨੌਜਵਾਨ ਅਤੇ ਉਸਦੇ ਨਾਲ ਗਏ ਉਸਦੇ ਦੋਸਤਾਂ ਤੋਂ ਜਾਨ ਬਖਸ਼ਣ ਦੀ ਕੀਮਤ 11 ਹਜ਼ਾਰ ਰੁਪਏ ਮੰਗੀ ਗਈ, ਜਿਸ ’ਤੇ ਉਨ੍ਹਾਂ ਮੌਕੇ ’ਤੇ 5100 ਰੁਪਏ ਦੇ ਕੇ ਆਪਣੀ ਜਾਨ ਛੁਡਾਈ। ਉਨ੍ਹਾਂ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਜੋ ਪ੍ਰਥਾਵਾਂ ਭਾਈਚਾਰੇ ’ਚ ਫੁੱਟ ਪਾਉਂਦੀਆਂ ਹਨ ਉਨ੍ਹਾਂ ਨੂੰ ਬੰਦ ਕੀਤਾ ਜਾਵੇ ਅਤੇ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅੰਬੇਡਕਰ ਸੈਨਾ ਪੰਜਾਬ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਫੌਜੀ ਸਰਪੰਚ, ਸੰਦੀਪ ਢੰਡਾ, ਬਲਵਿੰਦਰ ਬੌਬੀ, ਨਰਿੰਦਰ ਬਿੱਲਾ, ਪ੍ਰਨੀਸ਼ ਬੰਗਾ, ਪਿੰਦੀ ਮੱਲ ਕੱਟਾਂ, ਮੁਕੇਸ਼ ਕੁਮਾਰ, ਸੁਰਿੰਦਰ ਪਾਲ, ਅਮਿਤ ਸੋਂਧੀ, ਧਾਮੀ ਹਦੀਆਬਾਦ, ਮੋਹਨ ਲਾਲ ਪ੍ਰਧਾਨ ਸ਼ਿਵਪੁਰੀ ਆਦਿ ਹਾਜ਼ਰ ਸਨ।