ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵਲੋਂ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ’ਚ ਮੀਟਿੰਗ ਆਯੋਜਿਤ

01/20/2019 12:55:40 PM

ਕਪੂਰਥਲਾ (ਮੱਲ੍ਹੀ)-ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵਲੋਂ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ’ਚ ਹੋ ਰਹੀ 28 ਜਨਵਰੀ ਦੀ ਭੁੱਖ ਹਡ਼ਤਾਲ ਦੇ ਸਬੰਧ ’ਚ ਸੰਬੋਧਨ ਕਰਨ ਲਈ ਤੇ ਆਰ. ਸੀ. ਐੱਫ. ’ਚ ਪ੍ਰਸ਼ਾਸਨ ਵਲੋਂ ਤੇ ਠੇਕੇਦਾਰੀ ਦੀ ਸਾਜ਼ਿਸ ਦੇ ਵਿਰੋਧ ’ਚ ਸੰਘਰਸ਼ ਕਰਨ ਲਈ ਆਰ. ਸੀ. ਐੱਫ. ’ਚ ਨਵੀਂ ਭਰਤੀ ਕਰਨ ਆਦਿ ਮੁੱਦਿਆਂ ਨੂੰ ਲੈ ਕੇ ਸਥਾਨਕ ਵਰਕਰ ਕਲੱਬ ’ਚ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਅਮਰੀਕ ਸਿੰਘ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ’ਚ ਪੂਰੇ ਦੇਸ਼ ਦੇ ਕਰਮਚਾਰੀ ਇੱਕਜੁਟ ਹੋ ਚੁੱਕੇ ਹਨ। 26 ਨਵੰਬਰ ਦੀ ਵਿਸ਼ਾਲ ਰੈਲੀ ਨੇ ਭਾਰਤ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ ਤੇ ਭਾਜਪਾ ਤੋਂ ਦੇਸ਼ ਦੀਆਂ ਤਮਾਮ ਰਾਜਨੀਤਕ ਪਾਰਟੀਆਂ ਇਸ ਨੈਸ਼ਨਲ ਪੈਨਸ਼ਨ ਸਕੀਮ ਵਿਰੋਧੀ ਹਜੂਮ ਨੂੰ ਆਪਣੇ ਵੋਟ ਬੈਂਕ ’ਚ ਤਬਦੀਲ ਕਰਨ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਸੰਘਰਸ਼ ਨੂੰ ਅਗਲੇ ਪਡ਼ਾਅ ’ਚ ਲੈ ਕੇ ਜਾਣ ਲਈ ਐੱਨ. ਐੱਨ. ਓ. ਪੀ. ਐੱਸ. ਅਤੇ ਫਰੰਟ ਦੀ ਟੀਮ ਵਲੋਂ 28 ਜਨਵਰੀ ਤੋਂ ਲੈ ਕੇ 1 ਫਰਵਰੀ ਤਕ ਨਵੀਂ ਦਿੱਲੀ ਜੰਤਰ-ਮੰਤਰ ’ਤੇ ਭੁੱਖ ਹਡ਼ਤਾਲ ਕਰਨ ਦਾ ਫੈਸਲਾ ਕੀਤਾ ਹੈ। ਜਿਸ ’ਚ ਸਮੂਹ ਰੇਲਵੇ ਕਰਮਚਾਰੀ 28 ਜਨਵਰੀ ਨੂੰ ਆਪਣੀ ਹਾਜ਼ਰੀ ਦਰਜ ਕਰਵਾਉਣਗੇ ਤੇ ਇਸ ਭੁੱਖ ਹਡ਼ਤਾਲ ’ਚ ਆਰ. ਸੀ. ਐੱਫ. ਦੇ ਬਹਾਦੁਰ ਕਰਮਚਾਰੀ ਹਰ ਵਾਰ ਦੀ ਤਰ੍ਹਾਂ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਰੇਲਵੇ ਕਰਮਚਾਰੀਆਂ ਨੂੰ ਵੱਡੀ ਗਿਣਤੀ ’ਚ ਆਰ. ਸੀ. ਐੱਫ. ਤੋਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਭਾਰਤੀ ਪ੍ਰਸ਼ਾਸਨ ਵਲੋਂ ਥੋਪੀ ਜਾ ਰਹੀ ਨਿਜੀਕਰਨ ਦੀ ਸਾਜ਼ਿਸ਼ ਦੇ ਵਿਰੋਧ ’ਚ ਆਪਣਾ ਸਖਤ ਸਟੈਂਡ ਲੈਂਦੇ ਕਿਹਾ ਕਿ ਪ੍ਰਸ਼ਾਸਨ ਵਲੋਂ ਨਵੀਂ ਭਰਤੀ ਨਾ ਕਰ ਕੇ 100 ਐੱਲ. ਐੱਚ. ਬੀ. ਕੋਚਾਂ ਦਾ ਨਿਰਮਾਣ ਨਿੱਜੀ ਕੰਪਨੀਆਂ ਵਲੋਂ ਕਰਵਾਉਣ ਦਾ ਜੋ ਟੈਂਡਰ ਕੱਢਿਆ ਗਿਆ ਹੈ, ਇਹ ਆਰ. ਸੀ. ਐੱਫ. ਦੇ ਕਰਮਚਾਰੀ, ਆਰ. ਸੀ. ਐੱਫ. ਦੇ ਭਵਿੱਖ ਤੇ ਆਮ ਜਨਤਾ ਦੇ ਲਈ ਨੁਕਸਾਨਦੇਹ ਹੈ। ਇਸ ਦੌਰਾਨ ਗਰੁੱਪ ’ਚ ਯੂਨੀਅਨ ਫਾਊਂਡਰ ਮੁਲਖ ਰਾਜ, ਸਰਬਜੀਤ ਸਿੰਘ ਜਨਰਲ ਸਕੱਤਰ, ਪ੍ਰਦੀਪ ਸਿੰਘ, ਅਮਰੀਕ ਸਿੰਘ ਗਿੱਲ, ਬੁੱਧ ਸਿੰਘ, ਮੱਖਣ ਸਿੰਘ, ਰਾਮ ਦਾਸ, ਸੁਨੀਲ ਕੁਮਾਰ, ਅਨਿਲ ਕੁਮਾਰ, ਰਮਨ ਸਿੰਘ, ਨੀਰਜ ਸ਼ਰਮਾ, ਤਲਵਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।