ਕੰਗਨਾ ਰਣੌਤ ਨੂੰ ਪੰਜਾਬ ਦੇ ਕਿਸਾਨਾਂ ਨਾਲ ਪੰਗਾ ਲੈਣਾ ਪਿਆ ਭਾਰੀ, ਅੱਜ ਵੀ ਭੁਗਤ ਰਹੀ ਹੈ ਹਰਜਾਨਾ (ਤਸਵੀਰਾਂ)

12/23/2021 1:10:38 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਮੁੰਬਈ ਪੁਲਸ ਸਾਹਮਣੇ ਪੇਸ਼ ਹੋਈ। ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਨੇ ਬੁੱਧਵਾਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਮੁੰਬਈ ਦੇ ਖਾਰ ਪੁਲਸ ਸਟੇਸ਼ਨ ਜਾਣਾ ਸੀ ਪਰ ਉਹ ਆਪਣੇ ਕਿਸੇ ਨਿੱਜੀ ਕੰਮ ਕਾਰਨ ਉੱਥੇ ਨਹੀਂ ਪਹੁੰਚ ਸਕੀ। ਇਸ ਕਰਕੇ ਅੱਜ ਕੰਗਨਾ ਰਣੌਤ ਮੁੰਬਈ ਦੇ ਖਾਰ ਪੁਲਸ ਥਾਣੇ ਪਹੁੰਚੀ ਸੀ। 

ਕਿਸਾਨੀ ਅੰਦੋਲਨ ਕਾਰਨ ਦਰਜ ਹੋਈ ਸੀ FIR
ਦੱਸ ਦਈਏ ਕਿ ਕੰਗਨਾ ਰਣੌਤ ਦੀ ਉਸ ਪੋਸਟ ਨੂੰ ਲੈ ਕੇ ਮੁੰਬਈ 'ਚ ਦਰਜ ਐੱਫ. ਆਈ. ਆਰ. ਦੇ ਸਬੰਧ 'ਚ ਪੁਲਸ ਸਾਹਮਣੇ ਪੇਸ਼ ਹੋਣਾ ਸੀ, ਜਿਸ 'ਚ ਉਸ ਨੇ ਕਿਸਾਨ ਅੰਦੋਲਨ ਨੂੰ ਇੱਕ ਵੱਖਵਾਦੀ ਸਮੂਹ ਨਾਲ ਜੋੜਿਆ ਸੀ। ਇੱਕ ਸਿੱਖ ਸੰਗਠਨ ਦੀ ਸ਼ਿਕਾਇਤ ਤੋਂ ਬਾਅਦ ਪਿਛਲੇ ਮਹੀਨੇ ਖਾਰ ਪੁਲਸ ਥਾਣੇ 'ਚ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।
ਪੁਲਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਉਸ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ। ਉਦੋਂ ਕੰਗਨਾ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ 22 ਦਸੰਬਰ ਨੂੰ ਖਾਰ ਪੁਲਸ ਸਾਹਮਣੇ ਪੇਸ਼ ਹੋਵੇਗੀ। ਬੁੱਧਵਾਰ ਨੂੰ ਉਸ ਦੇ ਵਕੀਲ ਨੇ ਪੇਸ਼ ਹੋਣ ਲਈ ਦੂਜੀ ਤਰੀਕ ਲਈ ਬੇਨਤੀ ਕੀਤੀ।

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪਹੁੰਚਾਇਆ ਸੀ ਠੇਸ
ਪੁਲਸ ਦਾ ਇਹ ਬਿਆਨ ਹਾਈ ਕੋਰਟ ਦੇ ਕਹਿਣ ਤੋਂ ਬਾਅਦ ਆਇਆ ਹੈ ਕਿ ਇਹ ਵਿਸ਼ਾ ਕੰਗਨਾ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਨਾਲ ਜੁੜਿਆ ਹੋਇਆ ਹੈ। ਇਸ ਤੋਂ ਬਾਅਦ ਅਦਾਲਤ ਨੇ ਕੰਗਨਾ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦਿੱਤੀ। ਕੰਗਨਾ ਨੇ ਇਸ ਮਹੀਨੇ ਦੇ ਸ਼ੁਰੂ 'ਚ ਮੁੰਬਈ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਖਾਰ ਪੁਲਸ ਸਟੇਸ਼ਨ 'ਚ ਉਸ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ।

ਦੱਸਣਯੋਗ ਹੈ ਕਿ ਕੰਗਨਾ ਰਣੌਤ ਦੇ ਇੱਕ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਦੁਆਰਾ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ। ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਹੈ ਕਿ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕੰਗਨਾ ਰਣੌਤ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ 'ਕਿਸਾਨਾਂ ਦੇ ਅੰਦੋਲਨ' ਨੂੰ 'ਖਾਲਿਸਤਾਨੀ ਅੰਦੋਲਨ' ਦੱਸਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita