ਇੰਡੀਅਨ ਵੂਮੈਨ ਆਰ ਦੀ ਬੈਸਟ ਇਨ ਦਾ ਵਰਲਡ : ਕਬੀਰ ਬੇਦੀ

04/26/2018 4:55:55 AM

ਲੁਧਿਆਣਾ(ਬਹਿਲ)-ਭਾਰਤੀ ਔਰਤਾਂ ਵਿਸ਼ਵ ਭਰ ਵਿਚ ਸਭ ਤੋਂ ਉੱਤਮ ਹਨ ਕਿਉਂਕਿ ਪਰਿਵਾਰ ਪ੍ਰਤੀ ਸਮਰਪਣ, ਦ੍ਰਿੜ੍ਹ ਇੱਛਾ ਸ਼ਕਤੀ, ਨੈਤਿਕ ਕਦਰਾਂ ਕੀਮਤਾਂ ਅਤੇ ਸੰਸਕ੍ਰਿਤੀ ਨਾਲ ਉਨ੍ਹਾਂ ਦੇ ਜੋੜ ਦਾ ਕੋਈ ਵੀ ਦੇਸ਼ ਮੁਕਾਬਲਾ ਨਹੀਂ ਕਰ ਸਕਦਾ। ਭਾਰਤੀ ਸੰਵਿਧਾਨ ਵਿਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਮੰਨਿਆ ਗਿਆ ਹੈ ਪਰ ਦੇਸ਼ ਤਾਂ ਹੀ ਤਰੱਕੀ ਕਰੇਗਾ, ਜਦੋਂ ਔਰਤ ਸਸ਼ਕਤੀਕਰਨ ਨੂੰ ਅਮਲੀਜਾਮਾ ਪਹਿਨਾਉਣ ਲਈ ਉਨ੍ਹਾਂ ਨੂੰ ਖੇਤਰ ਵਿਚ ਬਰਾਬਰੀ ਦਾ ਮੌਕਾ ਮਿਲੇਗਾ। ਇਹ ਵਿਚਾਰ ਬਾਲੀਵੁੱਡ ਫਿਲਮ ਸਟਾਰ ਅਤੇ ਜੇਮਸ ਬਾਂਡ ਦੀ ਫਿਲਮ ਵਿਚ ਕੰਮ ਕਰਨ ਵਾਲੇ ਇਕਲੌਤੇ ਭਾਰਤੀ ਅਭਿਨੇਤਾ ਕਰੀਬ ਬੇਦੀ ਨੇ ਅੱਜ ਹੋਟਲ ਪਾਰਕ ਪਲਾਜ਼ਾ ਵਿਚ ਔਰਤਾਂ ਦੀ ਸੰਸਥਾ ਫਿੱਕੀ ਫਲੋ ਲੁਧਿਆਣਾ ਵੱਲੋਂ ਕਰਵਾਏ ਚੇਂਜ ਆਫ ਗਾਰਡ ਸੈਰਾਮਨੀ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੇ। ਕਬੀਰ ਬੇਦੀ ਨੇ ਕਿਹਾ ਕਿ ਬਾਲੀਵੁੱਡ ਇੰਸਡਟਰੀ ਦਾ ਸੁਨਹਿਰਾ ਯੁੱਗ ਆਉਣ ਵਾਲਾ ਹੈ ਅਤੇ ਅੱਜ ਬਣ ਰਹੀਆਂ ਚੰਗੀਆਂ ਥੀਮ ਬੇਸਡ ਫਿਲਮਾਂ ਲੰਬੇ ਸਮੇਂ ਤਕ ਯਾਦ ਰਹਿਣਗੀਆਂ। ਭਾਰਤੀ ਫਿਲਮਾਂ ਨੂੰ ਆਸਕਰ ਐਵਾਰਡ ਨਾ ਮਿਲਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਆਸਕਰ ਵਿਚ ਭੇਜੀਆਂ ਜਾਣ ਵਾਲੀਆਂ ਫਿਲਮਾਂ ਦੀ ਸਹੀ ਚੋਣ ਨਾ ਹੋਣਾ, ਜਿਥੇ ਇਕ ਕਾਰਨ ਹੈ, ਉੱਥੇ ਆਸਕਰ ਜਿਊਰੀ ਵਿਚ 65 ਤੋਂ 70 ਸਾਲ ਦੀ ਉਮਰਦਰਾਜ ਅੰਗਰੇਜ਼ ਜੱਜਾਂ ਦਾ ਯੂਰਪੀ ਦੇਸ਼ਾਂ ਪ੍ਰਤੀ ਝੁਕਾਅ ਹੋਣ ਕਾਰਨ ਏਸ਼ੀਆਈ ਤੇ ਅਫਰੀਕੀ ਦੇਸ਼ਾਂ ਦੀਆਂ ਫਿਲਮਾਂ ਨੂੰ ਆਸਕਰ ਐਵਾਰਡ ਨਹੀਂ ਮਿਲ ਪਾਉਂਦਾ। ਕਬੀਰ ਬੇਦੀ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬੀ ਫਿਲਮ 'ਯਾਰੀ ਤੇ ਸਰਦਾਰੀ' ਦੀ ਸ਼ੂਟਿੰਗ ਮਈ ਵਿਚ ਮਾਰੀਸ਼ੀਅਸ ਵਿਚ ਸ਼ੁਰੂ ਹੋ ਰਹੀ ਹੈ। ਉਨ੍ਹਾਂ ਨੇ ਫਿੱਕੀ ਔਰਤ ਐਸੋਸੀਏਸ਼ਨ ਦੇ ਸਮਾਜ ਭਲਾਈ ਦੇ ਕੰਮਾਂ ਲਈ ਆਊਟ ਗੋਇੰਗ ਚੇਅਰਪਰਸਨ ਮੋਨਿਕਾ ਚੌਧਰੀ ਅਤੇ ਉਨ੍ਹਾਂ ਦੀ ਟੀਮ ਦੀ ਵੀ ਸ਼ਲਾਘਾ ਕੀਤੀ। 
ਫਿੱਕੀ ਫਲੋ ਦਾ ਔਰਤਾਂ ਨੂੰ ਆਤਮਨਿਰਭਰ ਬਣਾਉਣ ਵਿਚ ਅਹਿਮ ਯੋਗਦਾਨ : ਸਾਇਸ਼ਾ ਚੋਪੜਾ
ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਬਣੀ ਜਗ ਬਾਣੀ ਸਮੂਹ ਤੋਂ ਸ਼੍ਰੀਮਤੀ ਸਾਇਸ਼ਾ ਚੋਪੜਾ ਨੇ ਫਿੱਕੀ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਹਿੱਤ ਕੰਮਾਂ ਦੇ ਲਈ ਉਨ੍ਹਾਂ ਦੀ ਸਿਫਤ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਨਾਰੀ ਸ਼ਕਤੀ ਦਾ ਪਰਿਚਾਰਕ ਬਣ ਗਿਆ ਹੈ ਅਤੇ ਸਾਰੀਆਂ ਔਰਤਾਂ ਨੂੰ ਇਸ ਤੋਂ ਪ੍ਰੇਰਣਾ ਲੈ ਕੇ ਆਤਮਨਿਰਭਰ ਬਣਨ ਦਾ ਯਤਨ ਕਰਨਾ ਚਾਹੀਦਾ ਹੈ।
ਫਿੱਕੀ ਫਲੋ ਦੀ ਨਵੀਂ ਟੀਮ ਨੇ ਸੰਭਾਲਿਆ ਅਹੁਦਾ
ਚੇਅਰਪਰਸਨ ਮੋਨਿਕਾ ਚੌਧਰੀ ਨੇ ਫਿੱਕੀ ਦੀ ਨਵੀਂ ਚੇਅਰਪਰਸਨ ਰੀਨਾ ਅਗਰਵਾਲ ਨੂੰ ਮੈਡਲ ਪਹਿਨਾ ਕੇ ਉਨ੍ਹਾਂ ਨੂੰ ਅਹੁਦਾ ਸੰਭਾਲਿਆ। ਮੋਨਿਕਾ ਚੌਧਰੀ ਨੇ ਐਸੋਸੀਏਸ਼ਨ ਦੀ ਰਾਸ਼ਟਰੀ ਕਾਰਜਕਾਰਨੀ ਵਿਚ ਜਗ੍ਹਾ ਬਣਾਈ ਹੈ ਅਤੇ ਅੱਜ ਐਸੋਸੀਏਸ਼ਨ ਦੀ 7ਵੀਂ ਚੁਣੀ ਗਈ ਟੀਮ ਵਿਚ ਰੀਨਾ ਅਗਰਵਾਲ ਨੂੰ ਚੇਅਰਪਰਸਨ, ਨੰਦਿਤਾ ਭਾਸਕਰ ਸੀਨੀਅਰ ਵਾਈਸ ਚੇਅਰਪਰਸਨ, ਮੰਨਤ ਕੋਠਾਰੀ ਵਾਈਸ ਚੇਅਰਪਰਸਨ, ਰਾਧਿਕਾ ਗੁਪਤਾ ਸਕੱਤਰ, ਜੋਤੀ ਵਿਜ਼ਨ ਜੁਆਇੰਟ ਸਕੱਤਰ, ਨੇਹਾ ਗੁਪਤਾ ਵਿੱਤ ਸਕੱਤਰ ਅਤੇ ਅੰਕਿਤਾ ਗੁਪਤਾ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਚੇਅਰਪਰਸਨ ਰੀਨਾ ਅਗਰਵਾਲ ਨੇ ਆਪਣੇ ਹਮਾਇਤੀਆਂ ਵਿਚ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਔਰਤ ਤਰੱਕੀ ਅਤੇ ਸਮਾਜ ਭਲਾਈ ਦੇ ਕੰਮਾਂ ਨੂੰ ਨਿਸ਼ਠਾ ਨਾਲ ਜਾਰੀ ਰੱਖਣ ਦਾ ਪ੍ਰਣ ਲਿਆ। ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਪ੍ਰਿੰਸੀਪਲ ਡਾਇਰੈਕਟਰ ਇਨਵੈਸਟੀਗੇਸ਼ਨ ਪ੍ਰਨੀਤ ਸਚਦੇਵਾ ਨੇ ਕਿਹਾ ਕਿ ਇਨਸਾਨ ਦੀ ਕਿਸਮਤ ਮਿਹਨਤ ਕਰਨ ਨਾਲ ਬਣਦੀ ਹੈ ਅਤੇ ਸਫਲਤਾ ਪਾਉਣ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਫਿੱਕੀ ਐਸੋਸੀਏਸ਼ਨ ਸਮਾਜ ਭਲਾਈ ਪ੍ਰੋਗਰਾਮਾਂ ਵਿਚ ਬਹੁਮੁੱਲਾ ਯੋਗਦਾਨ ਪਾ ਰਹੀ ਹੈ ਜੋ ਕਿ ਸਿਫਤਯੋਗ ਹੈ।